ਝੋਨੇ ਦੀ ਕਟਾਈ ਅਤੇ ਖ਼ਰੀਦ ਰੁਕੀ; ਮੰਡੀਆਂ ਵਿੱਚ ਪਏ ਝੋਨੇ ਨੂੰ ਮੀਂਹ ਤੋਂ ਬਚਾਉਣ ’ਚ ਰੁਝੇ ਕਿਸਾਨ ਅਤੇ ਆੜ੍ਹਤੀ
ਕਰਮਜੀਤ ਸਿੰਘ ਚਿੱਲਾ
ਬਨੂੜ, 17 ਅਕਤੂਬਰ
ਮੌਸਮ ਦੇ ਬਦਲੇ ਮਿਜਾਜ਼ ਨੇ ਝੋਨੇ ਦੀ ਵਾਢੀ ਅਤੇ ਖ਼ਰੀਦ ਦੇ ਤੇਜ਼ ਚੱਲ ਰਹੇ ਕੰਮ ਨੂੰ ਬਰੇਕਾਂ ਲਾ ਦਿੱਤੀਆਂ ਹਨ। ਅਗਲੇ ਦੋ ਦਿਨ ਮੌਸਮ ਖਰਾਬ ਰਹਿਣ ਦੀ ਪੇਸ਼ੀਨਗੋਈ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਬਨੂੜ ਅਤੇ ਇਸ ਖੇਤਰ ਦੀਆਂ ਮੰਡੀਆਂ ਵਿੱਚ ਵੱਡੀ ਮਾਤਰਾ ਵਿੱਚ ਵਿਕਰੀ ਲਈ ਆਏ ਝੋਨੇ ਨੂੰ ਮੀਂਹ ਤੋਂ ਬਚਾਉਣ ਲਈ ਕਿਸਾਨ ਅਤੇ ਆੜ੍ਹਤੀ ਤਿਰਪਾਲਾਂ ਨਾਲ ਢਕਕੇ ਪਾਣੀ ਤੋਂ ਬਚਾਉਣ ਦੇ ਆਹਰ ਵਿੱਚ ਲੱਗੇ ਹੋਏ ਹਨ।
ਜਾਣਕਾਰੀ ਅਨੁਸਾਰ ਬਨੂੜ ਅਤੇ ਇਸ ਖੇਤਰ ਦੀਆਂ ਮੰਡੀਆਂ ਖੇੜਾ ਗੱਜੂ, ਮਾਣਕਪੁਰ, ਖੇੜੀ ਗੁਰਨਾ ਆਦਿ ਵਿੱਚ ਅੱਜ ਝੋਨੇ ਦੀ ਖਰੀਦ ਨਹੀਂ ਹੋ ਸਕੀ। ਖਰੀਦ ਏਜੰਸੀਆਂ ਦੇ ਪ੍ਰਤੀਨਿਧਾਂ ਅਨੁਸਾਰ ਬੱਦਲਵਾਈ ਅਤੇ ਮੀਂਹ ਕਾਰਨ ਝੋਨੇ ਵਿੱਚ ਨਮੀ ਦੀ ਮਾਤਰਾ ਇੱਕਦਮ ਵਧ ਗਈ ਹੈ, ਜਿਸ ਕਾਰਨ ਝੋਨੇ ਦੀ ਖਰੀਦ ਨਹੀਂ ਹੋ ਸਕੀ। ਅੱਜ ਦੁਪਹਿਰ ਤੱਕ ਭਾਵੇਂ ਕਿਸਾਨ ਕੰਬਾਈਨਾਂ ਨਾਲ ਵੱਡੀ ਪੱਧਰ ਉੱਤੇ ਝੋਨਾ ਕਟਾਉਂਦੇ ਵੇਖੇ ਗਏ ਪਰ ਸ਼ਾਮ ਸਮੇਂ ਮੀਂਹ ਵਧਣ ਨਾਲ ਝੋਨੇ ਦੀ ਕਟਾਈ ਬੰਦ ਹੋ ਗਈ। ਮੰਡੀ ਵਿੱਚ ਵੱਡੀ ਮਾਤਰਾ ਵਿੱਚ ਅੱਜ ਆਏ ਝੋਨੇ ਕਾਰਨ ਥਾਂ-ਥਾਂ ਢੇਰੀਆਂ ਦੇ ਅੰਬਾਰ ਲੱਗ ਗਏ। ਕਿਸਾਨਾਂ ਨੇ ਮੌਸਮ ਦੀ ਖਰਾਬੀ ਨੂੰ ਝੋਨੇ, ਆਲੂਆਂ ਅਤੇ ਹੋਰ ਫ਼ਸਲਾਂ ਲਈ ਨੁਕਸਾਨਦਾਇਕ ਦੱਸਿਆ ਹੈ।
ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਮੰਡੀ ਵਿੱਚ ਆਏ ਸਮੁੱਚੇ ਝੋਨੇ ਨੂੰ ਨੇ ਤਿਰਪਾਲਾਂ ਨਾਲ ਢਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੀ ਕਿਸਾਨਾਂ ਨੂੰ ਗੁਰਦੁਆਰਿਆਂ ਵਿੱਚ ਅਨਾਊਂਸਮੈਂਟ ਕਰਵਾ ਕੇ ਮੌਸਮ ਸਾਫ਼ ਹੋਣ ਤੱਕ ਝੋਨੇ ਦੀ ਕਟਾਈ ਨਾ ਕਰਾਉਣ ਅਤੇ ਗਿੱਲਾ ਝੋਨਾ ਮੰਡੀ ਵਿੱਚ ਨਾ ਲਿਆਉਣ ਦੀ ਅਪੀਲ ਕੀਤੀ ਗਈ ਹੈ।
ਕੈਪਸ਼ਨ; ਝੋਨੇ ਨੂੰ ਮੀਂਹ ਤੋਂ ਬਚਾਉਣ ਲਈ ਬਨੂੜ ਮੰਡੀ ਵਿੱਚ ਤਿਰਪਾਲਾਂ ਨਾਲ ਢਕੀਆਂ ਢੇਰੀਆਂ।