ਮੁਕੇਸ਼ ਕੁਮਾਰ
ਚੰਡੀਗੜ੍ਹ, 28 ਸਤੰਬਰ
ਇਥੇ ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ਵਿੱਚ 7.67 ਲੱਖ ਮੀਟ੍ਰਿਕ ਟਨ ਕੂੜੇ ਦੇ ਪਹਾੜ ਨੂੰ ਹਟਾਉਣ ਲਈ ਨਗਰ ਨਿਗਮ ਵੱਲੋਂ 68 ਲੱਖ ਰੁਪਏ ਖਰਚੇ ਜਾਣਗੇ ਅਤੇ ਇਹ ਕਾਰਜ ਅਗਲੇ 43 ਮਹੀਨਿਆਂ ਵਿੱਚ ਪੂਰਾ ਕਰਨ ਦਾ ਟੀਚਾ ਹੈ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਡੰਪਿੰਗ ਗਰਾਊਂਡ ਵਿੱਚ ਕੂੜੇ ਦੀ ਬਾਇਓ ਮਾਈਨਿੰਗ ਅਤੇ ਲੈਂਡ ਰਿਕਵਰੀ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਹ ਪ੍ਰਾਜੈਕਟ ਨਿੱਜੀ ਕੰਪਨੀ ਅਕਾਂਕਸ਼ਾ ਐਂਟਰਪ੍ਰਾਈਜ਼ਿਜ਼ ਨੂੰ ਸੌਂਪਿਆ ਗਿਆ ਹੈ।
ਸ੍ਰੀ ਪੁਰੋਹਿਤ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਸ਼ਹਿਰ ਵਾਸੀਆਂ ਕੂੜੇ ਦੀ ਬਦਬੂ ਤੋਂ ਰਾਹਤ ਮਿਲੇਗੀ। ਇਸ ਮੌਕੇ ਹਾਜ਼ਰ ਮੈਂਬਰ ਪਾਰਲੀਮੈਂਟ ਕਿਰਨ ਖੇਰ ਨੇ ਕਿਹਾ ਕਿ ਠੋਸ ਪ੍ਰਬੰਧਨ ਨਿਯਮ 2016 ਤਹਿਤ ਕੂੜੇ ਦੇ ਪਹਾੜ ਦਾ ਨਿਪਟਾਰਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਇਥੇ 20 ਏਕੜ ਦੀ ਲੈਂਡਫਿਲ ਸਾਈਟ, ਜਿਸ ਵਿੱਚ 5 ਲੱਖ ਮੀਟ੍ਰਿਕ ਟਨ ਕੂੜਾ ਪਿਆ ਸੀ, ਵਿੱਚੋਂ’ 4 ਲੱਖ 21 ਲੱਖ ਮੀਟ੍ਰਿਕ ਟਨ ਕੂੜੇ ਦੀ ਪ੍ਰਾਸੈਸਿੰਗ ਕੀਤੀ ਜਾ ਚੁੱਕੀ ਹੈ ਅਤੇ ਅਗਲੇ ਸਾਲ 31 ਮਾਰਚ ਤੱਕ ਇਹ ਕਾਰਜ ਪੂਰਾ ਕਰ ਲਿਆ ਜਾਵੇਗਾ।
ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਨਿਗਮ ਦੇ ਸਾਲਿਡ ਵੇਸਟ ਪਲਾਂਟ ਨੂੰ 200 ਮੀਟ੍ਰਿਕ ਟਨ ਸੁੱਕੇ ਅਤੇ ਗਿੱਲੇ ਕੂੜੇ ਨੂੰ ਪ੍ਰਾਸੈਸ ਕਰਨ ਲਈ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਮਗਰੋਂ ਗਿੱਲੇ ਕੂੜੇ ਦੇ ਨਿਪਟਾਰੇ ਦੀ ਸਮਰੱਥਾ 120 ਟਨ ਪ੍ਰਤੀ ਦਿਨ ਤੋਂ ਵਧ ਕੇ 200 ਟਨ ਪ੍ਰਤੀ ਦਿਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਾਗਬਾਨੀ ਦੇ ਰਹਿੰਦ-ਖੂੰਹਦ ਨੂੰ ਪ੍ਰਾਸੈਸ ਕਰਨ ਲਈ ਸੈਕਟਰ 47, ਚੰਡੀਗੜ੍ਹ ਵਿੱਚ 20 ਟਨ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਬਾਗਬਾਨੀ ਵੇਸਟ ਪ੍ਰਾਸੈਸਿੰਗ ਪਲਾਂਟ ਦੀ ਉਸਾਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ, ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ, ਮੁੱਖ ਜੰਗਲਾਤ ਅਧਿਕਾਰੀ ਦੇਬੇਂਦਰ ਦਲਾਈ, ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ, ਸੀਨੀਅਰ ਡਿਪਟੀ ਮੇਅਰ ਦਲੀਪ ਸ਼ਰਮਾ, ਡਿਪਟੀ ਮੇਅਰ ਅਨੂਪ ਗੁਪਤਾ, ਹਾਜ਼ਰ ਸਨ।