ਮੁਕੇਸ਼ ਕੁਮਾਰ
ਚੰਡੀਗੜ੍ਹ, 27 ਸਤੰਬਰ
ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੀ ਸੁੰਦਰਤਾ ’ਤੇ ਗ੍ਰਹਿਣ ਬਣਿਆ ਹੋਇਆ ਹੈ। ਡੰਪਿੰਗ ਗਰਾਊਂਡ ਵਿੱਚ ਬਣੇ ਕੂੜੇ ਦੇ ਪਹਾੜ ਕਾਰਨ ਡੱਡੂਮਾਜਰਾ ਕਲੋਨੀ ਸਮੇਤ ਆਸਪਾਸ ਦੇ ਇਲਾਕਿਆਂ ਦੇ ਵਸਨੀਕ ਪ੍ਰੇਸ਼ਾਨ ਹਨ। ਹੁਣ 28 ਸਤੰਬਰ ਤੋਂ ਡੰਪਿੰਗ ਗਰਾਊਂਡ ਵਿੱਚ ਕੂੜੇ ਦੇ ਪਹਾੜ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੂੜੇ ਦੇ ਪ੍ਰਾਸੈਸਿੰਗ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਇਸ ਸਬੰਧੀ ਨਗਰ ਨਿਗਮ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਾਜੈਕਟ ਅਨੁਸਾਰ ਕੂੜੇ ਨੂੰ ਪ੍ਰਾਸੈਸ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਅਕਾਂਕਸ਼ਾ ਐਂਟਰਪ੍ਰਾਈਜਿਜ਼ ਕੰਪਨੀ ਨੂੰ ਕੰਮ ਅਲਾਟ ਕੀਤਾ ਗਿਆ ਹੈ। ਨਗਰ ਨਿਗਮ ਵੱਲੋਂ ਇਸ ਕਾਰਜ ਲਈ ਕੰਪਨੀ ਨੂੰ 69 ਕਰੋੜ ਰੁਪਏ ਅਦਾ ਕੀਤੇ ਜਾਣਗੇ। ਨਗਰ ਨਿਗਮ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਅਗਲੇ ਸਾਲ ਦੀਵਾਲੀ ਤੱਕ ਕੂੜੇ ਦਾ ਪਹਾੜ ਖ਼ਤਮ ਹੋ ਜਾਵੇਗਾ। ਕੂੜੇ ਦਾ ਇਹ ਪਹਾੜ ਡੰਪਿੰਗ ਗਰਾਊਂਡ ਵਿੱਚ 45 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ।
ਨਗਰ ਨਿਗਮ ਦੀ ਦਲੀਲ ਹੈ ਕਿ ਕੂੜੇ ਦੇ ਪਹਾੜ ਲਈ ਜੇਪੀ ਕੰਪਨੀ ਜ਼ਿੰਮੇਵਾਰ ਹੈ ਜਿਸ ਵਲੋਂ ਦੋ ਸਾਲ ਪਹਿਲਾਂ ਇਥੇ ਗਾਰਬੇਜ ਪ੍ਰਾਸੈਸਿੰਗ ਪਲਾਂਟ ਚਲਾਇਆ ਜਾ ਰਿਹਾ ਸੀ। ਬਾਅਦ ਵਿੱਚ ਇਸ ਪਲਾਂਟ ਨੂੰ ਨਗਰ ਨਿਗਮ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਅਕਾਂਕਸ਼ਾ ਐਂਟਰਪ੍ਰਾਈਜਿਜ਼ ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਈ ਸ਼ਹਿਰਾਂ ’ਚ ਅਜਿਹੇ ਕੂੜੇ ਦੇ ਪਹਾੜਾਂ ਨੂੰ ਹਟਾਇਆ ਹੈ। ਕੰਪਨੀ ਇਥੇ ਪਏ 13 ਲੱਖ ਮੀਟ੍ਰਿਕ ਟਨ ਕੂੜੇ ਨੂੰ ਪ੍ਰਾਸੈਸ ਕਰੇਗੀ। ਕੂੜੇ ਦੇ ਇੱਕ ਢੇਰ ਨੂੰ ਪ੍ਰਾਸੈਸ ਕਰਨ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਜਿਸ ’ਤੇ ਨਿਗਮ ਵੱਲੋਂ 33 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।