ਕੁਲਦੀਪ ਿਸੰਘ
ਚੰਡੀਗੜ੍ਹ, 4 ਜਨਵਰੀ
ਦੇਸ਼ ਵਿੱਚ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਕਾਫ਼ੀ ਸਖ਼ਤੀ ਕਰਨ ਦੇ ਦਾਅਵੇ ਕਰਦਾ ਆ ਿਰਹਾ ਹੈ। ਇਹ ਦਾਅਵੇ ਉਦੋਂ ਖੋਖ਼ਲੇ ਸਾਬਤ ਹੁੰਦੇ ਨਜ਼ਰ ਆਏ ਜਦੋਂ ਪੀ.ਯੂ. ਦੀ ਐਨੈਕਟਸ ਟੀਮ ਵੱਲੋਂ ਐੱਨ.ਜੀ.ਓ. ‘ਡਿਵੈਲਪਿੰਗ ਇੰਡੀਜੀਨੀਅਸ ਰਿਸੋਰਸਿਜ਼ – ਇੰਡੀਆ ਨਵਾਂਗਰਾਉਂ’ ਦੇ ਸਹਿਯੋਗ ਨਾਲ ਨੇੜਲੇ ਪਿੰਡ ਨਵਾਂਗਰਾਉਂ ਵਿਖੇ ‘ਪੋਸ਼ਣ ਅਤੇ ਸਿਹਤ’ ਵਰਕਸ਼ਾਪ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਨਜ਼ਰ ਆਈਆਂ।
ਟੀਮ ਦੇ ਫੈਕਲਟੀ ਸਲਾਹਕਾਰ ਪ੍ਰੋ. ਸੀਮਾ ਕਪੂਰ ਦੀ ਅਗਵਾਈ ਹੇਠ ਵਰਕਸ਼ਾਪ ਵਿੱਚ ਭਾਵੇਂ ਲੋਕਾਂ ਨੂੰ ਅਜੋਕੇ ਸਮੇਂ ਵਿੱਚ ਵਿਲੱਖਣ ਚੁਣੌਤੀਆਂ ਦੇ ਨਾਲ ਸਿਹਤ ਹੀ ਅਸਲੀ ਦੌਲਤ ਹੋਣ ਦਾ ਪਾਠ ਪੜ੍ਹਾਇਆ ਗਿਆ ਪ੍ਰੰਤੂ ਵਰਕਸ਼ਾਪ ਵਿੱਚ ਸ਼ਾਮਲ ਲੋਕਾਂ ਨੂੰ ਅਜਿਹਾ ਪਾਠ ਪੜ੍ਹਾਉਣ ਵਾਲੀ ਟੀਮ ਨੇ ਖ਼ੁਦ ਨਾ ਤਾਂ ਮੰੂਹਾਂ ਉਤੇ ਮਾਸਕ ਪਹਿਨੇ ਹੋਏ ਸਨ ਅਤੇ ਨਾ ਹੀ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਗਈ। ਦੱਸਣਯੋਗ ਹੈ ਕਿ ਵਰਕਸ਼ਾਪ ਵਿੱਚ ਵੱਡੀ ਗਿਣਤੀ ਔਰਤਾਂ ਦੇ ਨਾਲ-ਨਾਲ ਛੋਟੇ ਬੱਚੇ ਵੀ ਸ਼ਾਮਿਲ ਹੋਏ ਸਨ ਜਿਨ੍ਹਾਂ ਵਿੱਚੋਂ ਲਗਭਗ ਸਾਰੀਆਂ ਔਰਤਾਂ ਦੇ ਤਾਂ ਮਾਸਕ ਪਹਿਨੇ ਹੋਏ ਸਨ ਪਰ ਇੱਕ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਦੀ ਟੀਮ ਦਾ ਬਿਨਾ ਮਾਸਕਾਂ ਤੋਂ ਵਰਕਸ਼ਾਪ ਵਿੱਚ ਸ਼ਾਮਿਲ ਹੋਣਾ ਅਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਹਰ ਆਮ ਵਿਅਕਤੀ ਦੀ ਜ਼ੁਬਾਨ ਉੱਤੇ ਸੀ। ਲੋਕਾਂ ਦਾ ਦਬੀ ਜ਼ੁਬਾਨ ਵਿੱਚ ਇਹ ਕਹਿਣਾ ਵੀ ਸੀ ਕਿ ‘ਕੋਵਿਡ ਨਿਯਮ ਸਿਰਫ਼ ਗਰੀਬ ਅਤੇ ਅਨਪੜ੍ਹ ਲੋਕਾਂ ਦੇ ਲਈ ਹੀ ਹਨ।’