ਹਰਜੀਤ ਸਿੰਘ
ਜ਼ੀਰਕਪੁਰ/ਡੇਰਾਬੱਸੀ, 25 ਅਕਤੂਬਰ
ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਦਸਹਿਰਾ ਦੇ ਮੇਲੇ ’ਤੇ ਕਿਸੇ ਵੀ ਥਾਂ ’ਤੇ ਕਰੋਨਾ ਮਹਾਮਾਰੀ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਮੇਲਿਆਂ ਵਿੱਚ ਲੋਕ ਖੁੱਲ੍ਹੇਆਮ ਕਰੋਨਾ ਮਹਾਮਾਰੀ ਨੂੰ ਰੋਕਣ ਲਈ ਸਥਾਪਤ ਕੀਤੇ ਗਏ ਨਿਯਮਾਂ ਦੀ ਅਣਦੇਖੀ ਕਰਦੇ ਵੇਖੇ ਗਏ। ਡੇਰਾਬੱਸੀ ਦੇ ਰਾਮਲੀਲਾ ਗਰਾਊਂਡ ਵਿੱਚ ਦਸਹਿਰਾ ਮੇਲਾ ਭਰਿਆ। ਇਸ ਦੌਰਾਨ ਪੰਜਾਬੀ ਗਾਇਕ ਹਰਜੀਤ ਸਿੰਘ ਜੋਲਾ ਵੱਲੋਂ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਲੜਕੇ ਯੂਥ ਕਾਂਗਰਸੀ ਆਗੂ ਉਦੇਵੀਰ ਸਿੰਘ ਢਿੱਲੋਂ ਵੱਲੋਂ ਮੇਲੇ ਵਿੱਚ ਪਹੁੰਚ ਕੇ ਲੋਕਾਂ ਨੂੰ ਬਦੀ ‘’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦਸਹਿਰਾ ਦੀ ਵਧਾਈ ਦਿੱਤੀ।
ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਦਸਹਿਰਾ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਇਸ ਦਿਨ ਭਗਵਾਨ ਰਾਮ ਨੇ ਰਾਵਣ ਦਾ ਅੰਤ ਕੀਤਾ ਸੀ, ਜਿਸ ਨਾਲ ਸੱਚ ਦੀ ਜਿੱਤ ਹੋਈ ਸੀ ਤੇ ਝੂਠ ਦੀ ਹਾਰ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਯੰਗ ਬਲੱਡ ਡਰਾਮਾਟਿਕ ਕਲੱਬ ਅਤੇ ਯੰਗ ਇੰਡੀਆ ਸਪੋਰਟਸ ਕਲੱਬ ਵੱਲੋਂ ਦਸਹਿਰਾ ਗਰਾਊਂਡ ਸਰਹਿੰਦ, ਜੈ ਦੁਰਗਾ ਡਰਾਮਾਟਿਕ ਕਲੱਬ ਡਿਫੈਂਸ ਬੰਨ ਵੱਲੋਂ ਰੋਪੜ ਅੱਡਾ ਸਰਹਿੰਦ ਅਤੇ ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ, ਕਮੇਟੀ ਸਟੇਜ ਸਰਹਿੰਦ ਮੰਡੀ ਵੱਲੋਂ ਕਰਵਾਏ ਦਸਹਿਰਾ ਸਮਾਗਮਾਂ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕੀਤਾ।
ਉਥੇ ਹੀ ਦੇਸ਼ ਭਗਤ ਗਲੋਬਲ ਸਕੂਲ ਮੰਡੀ ਗੋਬਿੰਦਗੜ੍ਹ ਨੇ ਵਰਚੁਅਲ ਮੀਟ ਰਾਹੀਂ ਦਸਹਿਰਾ ਮਨਾਇਆ। ਵਿਦਿਆਰਥੀਆਂ ਨੇ ਰਮਾਇਣ ਨੂੰ ਦਰਸਾਉਂਦੀਆਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਤੇ ਭਗਵਾਨ ਰਾਮ ਦੀ ਜੀਵਨੀ ਆਨਲਾਈਨ ਦਰਸਾਈ ਗਈ।
ਕੁਰਾਲੀ (ਮਿਹਰ ਸਿੰਘ): ਕੁਰਾਲੀ ’ਚ ਕਰੋਨਾ ਮਹਾਮਾਰੀ ਕਾਰਨ ਦਸਹਿਰੇ ਦਾ ਤਿਉਹਾਰ ਫਿੱਕਾ ਰਿਹਾ। ਇਸ ਸਬੰਧੀ ਅੱਜ ਸ਼ਹਿਰ ਦੇ ਦਸਹਿਰਾ ਮੈਦਾਨ ਵਿੱਚ ਰਾਵਣ ਦਾ ਪੁਤਲਾ ਸਾੜਿਆ ਗਿਆ। ਸਥਾਨਕ ਡੇਰਾ ਗੁਸਾਈਂਆਣਾ ਦੇ ਮੁਖੀ ਬਾਬਾ ਧਨਰਾਜ ਗਿਰ ਨੇ ਰਾਵਣ ਦੇ ਪੁਤਲੇ ਨੂੰ ਅਗਨੀ ਦਿਖਾਈ।
ਘਨੌਲੀ (ਜਗਮੋਹਨ ਸਿੰਘ): ਦਸਮੇਸ਼ ਨਗਰ ਘਨੌਲੀ ’ਚ ਪਿੰਡ ਦੇ ਛੋਟੇ ਛੋਟੇ ਬੱਚਿਆਂ ਵੱਲੋਂ ਆਪਸ ਵਿੱਚ ਰਲ ਕੇ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਵਾਰ ਕੋਵਿਡ-19 ਦੀ ਮਾਰ ਕਾਰਨ ਜਿੱਥੇ ਪ੍ਰਬੰਧਕਾਂ ਵੱਲੋਂ ਰਾਮਲੀਲਾ ਦਾ ਮੰਚਨ ਨਹੀਂ ਕੀਤਾ ਗਿਆ, ਉੱਥੇ ਹੀ ਰਾਵਣ ਦਾ ਕੱਦ ਵੀ ਛੋਟਾ ਰੱਖਿਆ ਗਿਆ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਮੁੱਲਾਂਪੁਰ ਗਰੀਬਦਾਸ ਅਤੇ ਨਵਾਂ ਗਾਉਂ ਵਿੱਚ ਰਾਮਲੀਲ੍ਹਾ ਕਮੇਟੀਆਂ ਤੇ ਕਲੱਬਾਂ ਵੱਲੋਂ ਦਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਅਮਲੋਹ (ਰਾਮ ਸਰਨ ਸੂਦ) : ਐੱਸ.ਆਰ.ਐਨ ਸਪੈਸ਼ਲ ਸਕੂਲ ਇਕੋਲਾਹਾ ਵਿਚ ਦਸਹਿਰੇ ਦਾ ਤਿਉਹਾਰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜੀ. ਪ੍ਰਸ਼ਾਦ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਬਾਲ ਵਿਕਾਸ ਤੇ ਪੰਚਾਇਤ ਅਫ਼ਸਰ ਮੰਜੂ ਸੂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਊਨ੍ਹਾਂ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸ੍ਰੀ ਜੀ. ਪ੍ਰਸ਼ਾਦ ਅਤੇ ਸ੍ਰੀਮਤੀ ਸੂਦ ਨੇ ਭਗਵਾਨ ਰਾਮ ਤੇ ਮਾਤਾ ਸੀਤਾ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਦੁਸ਼ਹਿਰੇ ਦੇ ਮਹੱਤਤਾ ਬਾਰੇ ਦੱਸਿਆ।