ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਸਤੰਬਰ
ਤਿਉਹਾਰਾਂ ਦੀ ਦਿਨ ਨਜ਼ਦੀਕ ਆ ਰਹੇ ਹਨ ਪਰ ਯੂਟੀ ਪ੍ਰਸ਼ਾਸਨ ਪਟਾਕਿਆਂ ਦੀ ਵਰਤੋਂ ਬਾਰੇ ਕੋਈ ਫ਼ੈਸਲਾ ਲੈਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਪ੍ਰਸ਼ਾਸਨ ਵੱਲੋਂ ਪਟਾਖਿਆਂ ’ਤੇ ਪਾਬੰਦੀ ਜਾਂ ਪ੍ਰਵਾਨਗੀ ਬਾਰੇ ਫ਼ੈਸਲਾ ਲੈਣ ’ਚ ਹੋ ਰਹੀ ਦੇਰੀ ਕਾਰਨ ਸ਼ਹਿਰ ਦੀਆਂ ਦਸਹਿਰਾਂ ਕਮੇਟੀਆਂ ਵਿੱਚ ਨਮੋਸ਼ੀ ਦਾ ਮਾਹੌਲ ਹੈ। ਦਸਹਿਰਾ ਨੇੜੇ ਹੈ ਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਤਿਆਰ ਕੀਤੇ ਜਾ ਰਹੇ ਹਨ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਪੁਤਲਿਆਂ ਵਿੱਚ ਪਟਾਕੇ ਭਰਨ ਬਾਰੇ ਸਥਿਤੀ ਸਪਸ਼ਟ ਨਹੀਂ ਹੋਈ ਹੈ। ਚੰਡੀਗੜ੍ਹ ਦੀਆਂ ਰਾਮਲੀਲਾ ਕਮੇਟੀਆਂ ਅਤੇ ਦਸਹਿਰਾ ਕਮੇਟੀਆਂ ਨੇ ਯੂਟੀ ਪ੍ਰਸ਼ਾਸਨ ਨੂੰ ਪਟਾਕਿਆਂ ਦੀ ਵਰਤੋਂ ਬਾਰੇ ਫ਼ੈਸਲਾ ਜਲਦੀ ਲੈਣ ਦੀ ਅਪੀਲ ਕੀਤੀ ਹੈ।
ਸ੍ਰੀ ਸਨਾਤਨ ਧਰਮ ਸਭਾ ਦਸਹਿਰਾ ਕਮੇਟੀ ਦੇ ਸਰਪ੍ਰਸਤ ਜਤਿੰਦਰ ਭਾਟੀਆ ਨੇ ਕਿਹਾ ਕਿ ਦਸਹਿਰੇ ਨੂੰ ਸੱਤ ਦਿਨ ਬਾਕੀ ਰਹਿ ਗਏ ਹਨ। ਹਾਲੇ ਤੱਕ ਯੂਟੀ ਪ੍ਰਸ਼ਾਸਨ ਪਟਾਕਿਆਂ ਦੀ ਵਰਤੋਂ ਜਾਂ ਪਾਬੰਦੀ ਬਾਰੇ ਕੋਈ ਫ਼ੈਸਲਾ ਨਹੀਂ ਲੈ ਸਕਿਆ। ਉਨ੍ਹਾਂ ਕਿਹਾ ਕਿ ਦੁਸਹਿਰਾ ਕਮੇਟੀ ਨੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਬਨਾਉਣ ਲਈ ਆਰਡਰ ਦੇ ਦਿੱਤਾ ਹੈ ਪਰ ਬਿਨਾਂ ਪਟਾਕਿਆਂ ਤੋਂ ਇਨ੍ਹਾਂ ਨੂੰ ਸਾੜਨ ਨਾਲ ਲੋਕਾਂ ’ਚ ਉਤਸ਼ਾਹ ਖਤਮ ਹੋ ਜਾਂਦਾ ਹੈ। ਸ੍ਰੀ ਭਾਟੀਆ ਨੇ ਕਿਹਾ ਕਿ ਪਿਛਲੇ ਸਾਲ ਵੀ ਯੂਟੀ ਪ੍ਰਸ਼ਾਸਨ ਨੇ ਦਸਹਿਰੇ ਤੋਂ ਦੋ ਦਿਨ ਪਹਿਲਾਂ ਪਟਾਕਿਆਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਸੀ। ਕਈ ਥਾਵਾਂ ’ਤੇ ਪੁਤਲਿਆਂ ਵਿੱਚ ਪਟਾਕੇ ਭਰੇ ਜਾ ਚੁੱਕੇ ਸਨ ਤੇ ਪਾਬੰਦੀ ਕਾਰਨ ਦਸਹਿਰਾ ਕਮੇਟੀਆਂ ਨੂੰ ਵਿੱਤੀ ਨੁਕਸਾਨ ਝੱਲਣਾ ਪਿਆ ਸੀ। ਉਨ੍ਹਾਂ ਮੰਗ ਕੀਤੀ ਕਿ ਯੂਟੀ ਪ੍ਰਸ਼ਾਸਨ ਪਟਾਕਿਆਂ ਦੀ ਵਰਤੋਂ ਬਾਰੇ ਜਲਦੀ ਫ਼ੈਸਲੇ ਲਏ।
ਚੰਡੀਗੜ੍ਹ ਵਿੱਚ ਪਿਛਲੇ ਦੋ ਸਾਲਾਂ ’ਤੇ ਪਟਾਕਿਆਂ ’ਤੇ ਪਾਬੰਦੀ: ਗੌਰਤਲਬ ਹੈ ਕਿ ਸਿਟੀ ਬਿਊਟੀਫੁੱਲ ਵਿੱਚ ਯੂਟੀ ਪ੍ਰਸ਼ਾਸਨ ਨੇ ਪਿਛਲੇ ਦੋ ਸਾਲਾਂ ਤੋਂ ਪਟਾਕਿਆਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਹੋਈ ਹੈ। ਇਸ ਕਰਕੇ ਪਿਛਲੇ ਸਾਲ ਦਸਹਿਰੇ ਵੇਲੇ ਕੁਝ ਥਾਵਾਂ ’ਤੇ ਬਦੀ ਦੇ ਪੁਤਲਿਆਂ ਵਿੱਚ ਪਟਾਕਿਆਂ ਦੀ ਵਰਤੋਂ ਕੀਤੀ ਗਈ ਸੀ ਜਿਸ ਕਰਕੇ ਚੰਡੀਗੜ੍ਹ ਪੁਲੀਸ ਨੇ ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਸਨ। ਮੌਜੂਦਾ ਸਮੇਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਕਰੈਕਰ ਡੀਲਰਜ਼ ਐਸੋਸੀਏਸ਼ਨ ਨੇ ਯੂਟੀ ਪ੍ਰਸ਼ਾਸਨ ਨੂੰ ਪਟਾਕਿਆਂ ’ਤੇ ਪਾਬੰਦੀ ਨਾ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਟਾਕਿਆਂ ਦੇ ਕਾਰੋਬਾਰ ਨਾਲ ਸ਼ਹਿਰ ਦੇ ਸੈਂਕੜੇ ਲੋਕ ਜੁੜੇ ਹੋਏ ਹਨ। ਇਸ ਵਾਰ ਵੀ ਪਟਾਕਿਆਂ ’ਤੇ ਪਾਬੰਦੀ ਲੱਗਣ ਕਾਰਨ ਕਾਰੋਬਾਰ ਦਾ ਵੱਡਾ ਨੁਕਸਾਨ ਹੋਵੇਗਾ।
ਪਟਾਕਿਆਂ ਬਾਰੇ ਜਲਦ ਲਿਆ ਜਾਵੇਗਾ ਫ਼ੈਸਲਾ: ਧਰਮਪਾਲ
ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਨੇ ਕਿਹਾ ਕਿ ਦਸਹਿਰੇ ਮੌਕੇ ਪੁਤਲਿਆਂ ਵਿੱਚ ਪਟਾਕੇ ਭਰਨ ਬਾਰੇ ਫੈਸਲਾ ਪ੍ਰਸ਼ਾਸਕ ਨਾਲ ਗੱਲਬਾਤ ਕਰਕੇ ਜਲਦ ਹੀ ਲਿਆ ਜਾਵੇਗਾ। ਇਸ ਦੇ ਨਾਲ ਹੀ ਦੀਵਾਲੀ ਵਾਲੇ ਦਿਨ ਵੀ ਪਟਾਕਿਆਂ ’ਤੇ ਪਾਬੰਦੀ ਜਾਂ ਵਰਤੋਂ ਬਾਰੇ ਫ਼ੈਸਲਾ ਯੂਟੀ ਪ੍ਰਸ਼ਾਸਨ ਵੱਲੋਂ ਛੇਤੀ ਹੀ ਲਿਆ ਜਾਵੇਗਾ।