ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਅਗਸਤ
ਯੂਟੀ ਦੇ ਸਿੱਖਿਆ ਵਿਭਾਗ ਨੇ ਠੇਕੇਦਾਰਾਂ ਵੱਲੋਂ ਕਾਮਿਆਂ ਦੇ ਕੀਤੇ ਜਾਂਦੇ ਸ਼ੋਸ਼ਣ ’ਤੇ ਲਗਾਮ ਲਾਉਂਦਿਆਂ ਕਾਊਂਸਲਰਾਂ ਦਾ ਠੇਕਾ ਆਊਟਸੋਰਸ ਕੰਪਨੀਆਂ ਤੋਂ ਹਟਾ ਕੇ ਸੁਸਾਇਟੀ ਫਾਰ ਦਿ ਪ੍ਰਮੋਸ਼ਨ ਆਫ ਆਈਟੀ (ਸਪਿੱਕ) ਨੂੰ ਦੇ ਦਿੱਤਾ ਹੈ। ਇਨ੍ਹਾਂ ਕੰਪਨੀਆਂ ਵੱਲੋਂ ਸਿੱਖਿਆ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਤੇ ਨਾ ਹੀ ਇਨ੍ਹਾਂ ਦਾ ਪੀਐੱਫ ਜਮ੍ਹਾਂ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਆਊਟਸੋਰਸ ਕੰਪਨੀਆਂ ਨੇ ਇਸ ਦੀ ਸ਼ਿਕਾਇਤ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਕਰ ਦਿੱਤੀ ਹੈ ਜਿਸ ਖ਼ਿਲਾਫ਼ ਅਤੇ ਡਾਇਰੈਕਟਰ ਸਕੂਲ ਐਜੂਕੇਸ਼ਨ ਦੇ ਹੱਕ ਵਿਚ ਅਧਿਆਪਕ ਜਥੇਬੰਦੀ ਜੁਆਇੰਟ ਟੀਚਰਜ਼ ਐਸੋਸੀਏਸ਼ਨ ਡੱਟ ਗਈ ਹੈ।
ਜਥੇਬੰਦੀ ਦੇ ਕਨਵੀਨਰ ਰਮੇਸ਼ ਚੰਦ ਸ਼ਰਮਾ, ਚੇਅਰਮੈਨ ਰਣਵੀਰ ਜੋਰਾਰ, ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ ਤੇ ਜਨਰਲ ਸਕੱਤਰ ਅਜੈ ਸ਼ਰਮਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਾਊਂਸਲਰਾਂ ਦਾ ਠੇਕਾ ਸਪਿੱਕ ਨੂੰ ਦਿੱਤਾ ਗਿਆ ਹੈ ਜੋ ਹੁਣ ਪਾਰਦਰਸ਼ੀ ਢੰਗ ਨਾਲ ਤਨਖਾਹਾਂ ਦੇ ਰਹੀ ਹੈ। ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਪੰਚਕੂਲਾ ਦੀ ਇਸ ਕੰਪਨੀ ਨੂੰ ਬਲੈਕਲਿਸਟ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ 24 ਹਜ਼ਾਰ ਆਊਟਸੋਰਸ ਕਰਮਚਾਰੀਆਂ ਨੂੰ ਸਪਿੱਕ ਹੇਠ ਲਿਆਂਦਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਫ਼ਰਜ਼ੀ ਸ਼ਿਕਾਇਤਾਂ ’ਤੇ ਕਕਾਰਵਾਈ ਨਾ ਕੀਤੀ ਜਾਵੇ।