ਪੱਤਰ ਪ੍ਰੇਰਕ
ਕੁਰਾਲੀ, 27 ਅਗਸਤ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਰ ਧਰਮ ਸਮਾਜ ਨੂੰ ਜੋੜਦਾ ਹੈ, ਇਸ ਲਈ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਹਰ ਇਨਸਾਨ ਦਾ ਫ਼ਰਜ਼ ਹੈ।
ਸਥਾਨਕ ਬੱਸ ਅੱਡੇ ’ਤੇ ਸਥਿਤ ਬਾਲਾ ਸੁੰਦਰੀ ਮੰਦਰ ਵਿੱਚ ਨਤਮਸਤਕ ਹੋਣ ਪੁੱਜੇ ਸ੍ਰੀ ਧਾਲੀਵਾਲ ਨੇ ਕਿਹਾ ਕਿ ਭਾਵੇਂ ਸਾਡੇ ਦੇਸ਼ ਵਿੱਚ ਬਹੁਤ ਸਾਰੇ ਧਰਮ ਹਨ ਪਰ ਸਾਰੇ ਹੀ ਧਰਮ ਦੇਸ਼ ਵਾਸੀਆਂ ਨੂੰ ਰਲ਼-ਮਿਲ ਕੇ ਰਹਿਣ ਅਤੇ ਇਨਸਾਨੀਅਤ ਦਾ ਸਬਕ ਸਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਾਸੀ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਭਗਵਾਨ ਕ੍ਰਿਸ਼ਨ ਜਿਹੇ ਅਵਤਾਰ ਅਤੇ ਗੁਰੂਆਂ-ਪੀਰਾਂ ਦੀ ਧਰਤੀ ’ਤੇ ਜਨਮ ਮਿਲਿਆ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਹਰ ਧਰਮ ਤੇ ਸਮਾਜ ਦੇ ਲੋਕਾਂ ਨੂੰ ਮਿਲ ਜੁਲ ਕੇ ਰਹਿਣ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਸੇਧ ਦਿੰਦਾ ਹੈ। ਇਸ ਦੌਰਾਨ ਉਨ੍ਹਾਂ ਪ੍ਰਾਚੀਨ ਡੇਰਾ ਗੁਸਾਈਂਆਣਾ ਦੇ ਮੁਖੀ ਬਾਬਾ ਧਨਰਾਜ ਗਿਰ ਤੋਂ ਆਸ਼ੀਰਵਾਦ ਵੀ ਲਿਆ। ਇਸ ਮੌਕੇ ਲੋਕ ਗਾਇਕ ਓਮਿੰਦਰ ਓਮਾ ਤੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਧਾਲੀਵਾਲ ਦਾ ਸਨਮਾਨ ਕੀਤਾ ਗਿਆ।