ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 19 ਸਤੰਬਰ
ਸੁਖਨਾ ਕਲੋਨੀ ਵਿੱਚ ਪੇਚਿਸ਼ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਕਲੋਨੀ ਵਿੱਚ ਇਸ ਤੋਂ ਪਹਿਲਾਂ 100 ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਨੇੜੇ ਸਥਿਤ ਪ੍ਰੀਤ ਕਲੋਨੀ ਦੀ ਧਰਮਸ਼ਾਲਾ ਵਿੱਚ ਕੈਂਪ ਲਾ ਕੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਗਰ ਕੌਂਸਲ ਵੱਲੋਂ ਇਸ ਕਲੋਨੀ ਵਿੱਚ ਪਾਣੀ ਦੀਆਂ ਪਾਈਪਾਂ ਪਾਉਣ ਲਈ ਥਾਂ-ਥਾਂ ਖੁਦਾਈ ਕੀਤੀ ਹੋਈ ਹੈ ਜਿੱਥੋਂ ਪੀਣ ਵਾਲੇ ਪਾਣੀ ਵਿੱਚ ਦੂਸ਼ਿਤ ਪਾਣੀ ਰਲ਼ ਰਿਹਾ ਹੈ। ਇਸੇ ਕਾਰਨ ਕਲੋਨੀ ਵਿੱਚ ਬਿਮਾਰੀ ਫੈਲੀ ਹੈ। ਇਸ ਦੌਰਾਨ ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦੀ ਐੱਸਐੱਮਓ ਡਾ. ਪੌਮੀ ਚਤਰਥ ਨੇ ਦੱਸਿਆ ਕਿ ਅੱਜ ਕੈਂਪ ਵਿੱਚ 25 ਦੇ ਕਰੀਬ ਲੋਕ ਆਪਣੀ ਜਾਂਚ ਕਰਵਾਉਣ ਲਈ ਪਹੁੰਚੇ ਜਿਨ੍ਹਾਂ ਵਿੱਚੋਂ 12 ਦੇ ਕਰੀਬ ਮਰੀਜ਼ਾਂ ਨੂੰ ਪੇਚਿਸ਼ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਸਾਹਮਣੇ ਆਏ ਮਰੀਜ਼ਾਂ ਦੀ ਖਾਲਤ ਹੁਣ ਬਿਹਤਰ ਹੈ। ਉਨ੍ਹਾਂ ਕਿਹਾ ਕਿ ਅੱਜ ਸਾਹਮਣੇ ਆਏ ਮਰੀਜ਼ਾਂ ਨੂੰ ਲੋੜੀਂਦੀ ਦਵਾਈ ਦੇ ਦਿੱਤੀ ਗਈ ਹੈ।