ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 13 ਸਤੰਬਰ
ਇੱਥੋਂ ਦੇ ਪਿੰਡ ਤ੍ਰਿਵੇਦੀ ਕੈਂਪ ਵਿੱਚ ਦੂਸ਼ਿਤ ਪਾਣੀ ਕਾਰਨ ਫੈਲੇ ਪੇਚਸ਼ ਸਬੰਧੀ ਮਾਮਲੇ ’ਚ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਵੱਲੋਂ ਇੱਥੋਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪਿੰਡ ਦੀ ਡਿਸਪੈਂਸਰੀ ਦਾ ਵੀ ਦੌਰਾ ਕੀਤਾ ਅਤੇ ਸਟਾਫ਼ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ। ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਪਿੰਡ ਵਿੱਚੋਂ ਲਏ ਪਾਣੀ ਦੇ ਪੰਜ ਸੈਂਪਲਾਂ ਵਿੱਚ ਦੋ ਫੇਲ੍ਹ ਹੋ ਗਏ ਹਨ ਜਦਕਿ ਬਾਕੀ ਤਿੰਨ ਸੈਂਪਲਾਂ ਦੀ ਰਿਪੋਰਟ ਠੀਕ ਆਈ ਹੈ। ਫੇਲ੍ਹ ਸੈਂਪਲਾਂ ਦੀ ਰਿਪੋਰਟ ਤੋਂ ਸਪੱਸ਼ਟ ਹੋ ਗਿਆ ਹੈ ਕਿ ਪਾਣੀ ਵਿੱਚ ਦੂਸ਼ਿਤ ਪਾਣੀ ਰਲ ਰਿਹਾ ਹੈ। ਪਿੰਡ ਵਿੱਚ ਹੁਣ ਤੱਕ ਤਿੰਨ ਵਿਅਕਤੀਆਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਚੁੱਕੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਪਿੰਡ ਵਿੱਚ ਜਿਹੜੇ ਦੋ ਸੈਂਪਲ ਫੇਲ੍ਹ ਆਏ ਹਨ, ਉਨ੍ਹਾਂ ਵਿੱਚ ਬੈਕਰੀਆ ਰਲਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਫੇਲ੍ਹ ਹੋਏ ਦੋਵੇਂ ਸੈਂਪਲ ਵੱਖ-ਵੱਖ ਘਰਾਂ ਦੀ ਟੂਟੀਆਂ ਵਿੱਚੋਂ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਖੇਤਰ ਵਿੱਚ ਪਾਣੀ ਦੀ ਸਪਲਾਈ ਬੰਦ ਕਰਵਾ ਦਿੱਤੀ ਗਈ ਸੀ। ਉਨ੍ਹਾਂ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਬੁਖ਼ਾਰ ਦੇ ਹਲਕੇ ਲੱਛਣ ਆਉਣ ’ਤੇ ਨੇੜਲੀ ਡਿਸਪੈਂਸਰੀ ਵਿੱਚ ਡਾਕਟਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਡੇਰਾਬੱਸੀ ਦੀ ਐਸ.ਐਮ.ਓ. ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਹਾਲਤ ’ਤੇ ਨਜ਼ਰ ਰੱਖ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਨਾਲ ਐਸ.ਐਮ.ਓ. ਡਾ. ਸੰਗੀਤਾ ਜੈਨ ਵੀ ਹਾਜ਼ਰ ਸਨ।
ਪੀਰਮੁਛੱਲਾ ਵਿੱਚ 84 ਨਵੇਂ ਮਰੀਜ਼ ਮਿਲੇ
ਜ਼ੀਰਕਪੁਰ: ਪੀਰਮੁਛੱਲਾ ਖੇਤਰ ਵਿੱਚ ਦੂਸ਼ਿਤ ਪਾਣੀ ਕਾਰਨ ਪੇਚਸ਼ ਦੇ 84 ਹੋਰ ਮਰੀਜ਼ ਸਾਹਮਣੇ ਆਏ ਹਨ ਜਦਕਿ ਲੰਘੇ ਕੱਲ੍ਹ 138 ਮਰੀਜ਼ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਅੱਜ ਪਿੰਡ ਵਿੱਚ ਕੈਂਪ ਲਾ ਕੇ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਲੋੜੀਂਦੀ ਦਵਾਈਆਂ ਵੰਡੀਆਂ ਗਈਆਂ। ਜਾਣਕਾਰੀ ਅਨੁਸਾਰ ਪੰਚਕੂਲਾ ਦੇ ਸੈਕਟਰ 20 ਨੇੜਲੇ ਖੇਤਰ ਵਿੱਚ ਦੂਸ਼ਿਤ ਪਾਣੀ ਕਾਰਨ ਪੇਚਸ਼ ਫੈਲ ਗਿਆ ਹੈ। ਲੰਘੇ ਕੱਲ੍ਹ ਇਸ ਖੇਤਰ ਵਿੱਚੋਂ 138 ਮਰੀਜ਼ ਸਾਹਮਣੇ ਆਏ ਸਨ। ਪਿੰਡ ਵਿੱਚ ਹੁਣ ਕੁੱਲ ਮਰੀਜ਼ਾਂ ਦੀ ਗਿਣਤੀ 222 ਹੋ ਗਈ ਹੈ। ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦੀ ਐੱਸਐੱਮਓ ਡਾ. ਪੌਮੀ ਚਤਰਥ ਨੇ ਦੱਸਿਆ ਕਿ ਪਿੰਡ ਵਿੱਚ ਤਕਰੀਬਨ 1500 ਦੀ ਆਬਾਦੀ ਵਿੱਚੋਂ 900 ਦੇ ਕਰੀਬ ਲੋਕਾਂ ਦਾ ਸਰਵੇਖਣ ਹੋ ਚੁੱਕਿਆ ਹੈ। ਪਿੰਡ ਵਿੱਚੋਂ ਪਾਣੀ ਦੇ ਸੈਂਪਲ ਲੈ ਕੇ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ। ਪਿੰਡ ਵਾਸੀਆਂ ਨੂੰ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ ਹੈ। ਕੁਝ ਲੋਕਾਂ ਦੇ ਖੂਨ ਦੇ ਨਮੂਨੇ ਵੀ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਢਕੋਲੀ ਕਮਿਊਨਿਟੀ ਸੈਂਟਰ ਵਿੱਚ 12 ਦੇ ਕਰੀਬ ਮਰੀਜ਼ ਦਾਖ਼ਲ ਹਨ ਜਦਕਿ ਕੁਝ ਮਰੀਜ਼ ਪੰਚਕੂਲਾ ਦੇ ਸੈਕਟਰ 4 ਸਿਵਲ ਹਸਪਤਾਲ ਦਾਖ਼ਲ ਹਨ। -ਨਿੱਜੀ ਪੱਤਰ ਪ੍ਰੇਰਕ