ਹਰਜੀਤ ਸਿੰਘ
ਜ਼ੀਰਕਪੁਰ, 25 ਅਪਰੈਲ
ਮੁੱਖ ਅੰਸ਼
- ਦੂਸ਼ਿਤ ਪਾਣੀ ਕਾਰਨ ਫੈਲੀ ਬਿਮਾਰੀ ਦੇ ਸੈਂਕੜੇ ਮਰੀਜ਼ ਸਾਹਮਣੇ ਆਏ
- ਸਿਹਤ ਵਿਭਾਗ ਨੇ ਪਾਣੀ ਦੇ ਸੈਂਪਲ ਜਾਂਚ ਲਈ ਭੇਜੇ
ਵਾਰਡ ਨੰਬਰ 17 ਅਧੀਨ ਆਉਂਦੇ ਪਿੰਡ ਗਾਜ਼ੀਪੁਰ ਵਿੱਚ ਦੂਸ਼ਿਤ ਪਾਣੀ ਕਾਰਨ ਪੇਚਿਸ਼ ਫੈਲ ਗਿਆ ਹੈ। ਪਿੰਡ ਵਿੱਚ ਹੁਣ ਤੱਕ ਸੈਂਕੜੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਾਣਕਾਰੀ ਮਿਲਣ ਮਗਰੋਂ ਸਿਹਤ ਵਿਭਾਗ ਦੀਆਂ ਪੰਜ ਟੀਮਾਂ ਨੇ ਪਿੰਡ ਦਾ ਦੌਰਾ ਕਰ ਕੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਭੇਜੇ ਹਨ ਜਦਕਿ ਟੀਮ ਵੱਲੋਂ ਪਿੰਡ ਵਿੱਚ ਘਰ-ਘਰ ਜਾ ਕੇ ਮਰੀਜ਼ਾਂ ਦਾ ਸਰਵੇਖਣ ਕਰਨ ਤੋਂ ਇਲਾਵਾ ਲੋੜੀਂਦੀਆਂ ਦਵਾਈਆਂ ਵੰਡੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਪਿੰਡ ਵਿੱਚ ਲੰਘੇ ਦਿਨਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਪਿੰਡ ਵਾਸੀਆਂ ਵੱਲੋਂ ਤੁਰੰਤ ਇਸਦੀ ਜਾਣਕਾਰੀ ਕੌਂਸਲ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ ਪਰ ਅਧਿਕਾਰੀਆਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਲੰਘੇ ਦਿਨੀਂ ਪਿੰਡ ਵਿੱਚ ਨਿੱਜੀ ਕੰਪਨੀ ਵੱਲੋਂ ਜ਼ਮੀਨਦੋਜ਼ ਇੰਟਰਨੈੱਟ ਦੀਆਂ ਤਾਰਾਂ ਅਤੇ ਪਾਈਪ ਲਾਈਨ ਵਿਛਾਈ ਜਾ ਰਹੀ ਹੈ। ਇਸ ਲਈ ਉਨ੍ਹਾਂ ਵੱਲੋਂ ਥਾਂ-ਥਾਂ ’ਤੇ ਖੁਦਾਈ ਕੀਤੀ ਹੋਈ ਹੈ ਜਿਸ ਦੌਰਾਨ ਕਈਂ ਥਾਵਾਂ ਤੋਂ ਪਾਣੀ ਅਤੇ ਸੀਵਰੇਜ ਦੀ ਲਾਈਨ ਟੁੱਟ ਗਈ ਜਿਸ ਨਾਲ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ ਗਿਆ। ਦੂਸ਼ਿਤ ਪਾਣੀ ਪੀਣ ਨਾਲ ਲੋਕਾਂ ਨੂੰ ਉਲਟੀਆਂ, ਦਸਤ ਅਤੇ ਬੁਖ਼ਾਰ ਦੀ ਸ਼ਿਕਾਇਤ ਆ ਗਈ।
ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗਿਰੀਸ਼ ਵਰਮਾ ਨੇ ਦੱਸਿਆ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਪੰਜ ਥਾਵਾਂ ਤੋਂ ਲੀਕੇਜ ਬੰਦ ਕਰਵਾ ਦਿੱਤੀ ਗਈ ਹੈ ਜਦਕਿ ਬਾਕੀ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟੀਮਾਂ ਲਗਾਤਾਰ ਪਿੰਡ ਵਿੱਚ ਘੁੰਮ ਕੇ ਜਾਂਚ ਕਰ ਰਹੀਆਂ ਹਨ।
ਸਿਹਤ ਵਿਭਾਗ ਦੇ ਅਧਿਕਾਰੀ ਮਹਿਤਾਬ ਸਿੰਘ ਬੱਲ ਨੇ ਦੱਸਿਆ ਕਿ ਹੁਣ ਤੱਕ ਕੁੱਲ 170 ਘਰਾਂ ਦਾ ਸਰਵੇਖਣ ਕੀਤਾ ਗਿਆ ਹੈ ਜਿਨ੍ਹਾਂ ਵਿੱਚ 95 ਦਸਤ ਦੇ ਮਰੀਜ਼ ਸਾਹਮਣੇ ਆਏ ਹਨ। ਤਿੰਨ ਮਰੀਜ਼ਾਂ ਨੂੰ ਢਕੋਲੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚ ਦੋ ਬੱਚੇ ਸ਼ਾਮਲ ਹਨ। ਸਾਰੇ ਮਰੀਜ਼ਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਐੱਸ.ਡੀ.ਐੱਮ. ਡੇਰਾਬੱਸੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਕੌਂਸਲ ਅਤੇ ਸਿਹਤ ਵਿਭਾਗ ਦੀ ਟੀਮਾਂ ਨੂੰ ਹਦਾਇਤ ਕਰ ਕੇ ਸਮੱਸਿਆ ਦਾ ਹੱਲ ਕਰਨ ਤੋਂ ਇਲਾਵਾ ਕੈਂਪ ਲਾ ਕੇ ਮਰੀਜ਼ਾਂ ਦੀ ਦੇਖਭਾਲ ਕਰਨ ਦੀ ਹਦਾਇਤ ਕੀਤੀ ਗਈ ਹੈ।