ਮਿਹਰ ਸਿੰਘ
ਕੁਰਾਲੀ, 8 ਜੂਨ
ਸ਼ਹਿਰ ਦੇ ਵਾਰਡ ਨੰਬਰ 11 ਵਿੱਚ ਪਿਛਲੇ ਕਈ ਦਿਨਾਂ ਤੋਂ ਫੈਲੀ ਪੇਚਸ਼ ਦੀ ਬਿਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਵਾਰਡ ਵਿੱਚ ਪੈਂਦੀਆਂ ਦੋ ਹੋਰ ਕਲੋਨੀਆਂ ਵਿੱਚ ਅੱਜ ਕਰੀਬ ਇੱਕ ਦਰਜਨ ਹੋਰ ਪੇਚਸ ਦੇ ਕੇਸ ਸਾਹਮਣੇ ਆਉਣ ਕਾਰਨ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।
ਵਾਰਡ ਨੰਬਰ 11 ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਕਾਰਨ ਪੁਰਾਣੇ ਹਸਪਤਾਲ ਦੇ ਪਿਛਲੇ ਪਾਸੇ ਪੈਂਦੀ ਵਾਰਡ ਨੰਬਰ 11 ਦੀ ਕਲੋਨੀ ਤੋਂ ਬਾਅਦ ਹੁਣ ਪੇਚਸ ਨੇ ਚੰਡੀਗੜ੍ਹ ਰੋਡ ਦੀ ਆਈ.ਸੀ.ਆਈ.ਸੀ.ਆਈ. ਬੈਂਕ ਦੇ ਨਾਲ ਲਗਦੀ ਕਲੋਨੀ ਅਤੇ ਮਾਸਟਰ ਕਲੋਨੀ ਵਿੱਚ ਵੀ ਪ੍ਰਵੇਸ਼ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਆਈ.ਸੀ.ਆਈ.ਸੀ.ਆਈ. ਬੈਂਕ ਕਲੋਨੀ ਵਿੱਚ ਤੁਸ਼ਾਰ (18), ਸੀਮਾ (40), ਵਰੁਣ (10), ਬਲਵੰਤ ਸਿੰਘ (70), ਜਗਜੀਤ ਸਿੰਘ (45), ਦੀਕਸ਼ਤ ਬਠਲਾ(17) ਅਤੇ ਅੰਜਲੀ ਬਠਲਾ (30) ਅਤੇ ਮਾਸਟਰ ਕਲੋਨੀ ਨਿਵਾਸੀ ਦਲੀਪ ਕੁਮਾਰ, ਸੁਨੀਤਾ ਅਤੇ ਸੋਨੂੰ ਪੇਚਸ ਨਾਲ ਪੀੜਤ ਹੋਣ ਕਾਰਨ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ। ਰਕੇਸ਼ ਕੁਮਾਰ, ਸੰਜੀਵ ਕੁਮਾਰ, ਸੋਮ ਨਾਥ ਅਤੇ ਹੋਰਨਾਂ ਵਾਰਡ ਵਾਸੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਬਿਮਾਰੀ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਵਾਰਡ ਵਾਸੀਆਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਗੰਧਲਾ ਤੇ ਦੁਰਗੰਧ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਵਾਰ ਵਾਰ ਕਹਿਣ ਦੇ ਬਾਵਜੂਦ ਕੌਂਸਲ ਨੇ ਪਹਿਲੇ ਪੜਾਅ ’ਤੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਨ ਹੁਣ ਸਥਿਤੀ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਵਾਰਡ ਵਾਸੀਆਂ ਨੇ ਦੱਸਿਆ ਕਿ ਕੌਂਸਲ ਵਲੋਂ ਸੋਮਵਾਰ ਤੋਂ ਸ਼ੁਰੂ ਕੀਤੀ ਕਾਰਵਾਈ ਦੌਰਾਨ ਕਈ ਥਾਵਾਂ ‘ਤੇ ਖੱਡੇ ਪੁੱਟ ਦੇ ਪਾਣੀ ਸਪਲਾਈ ਵਿੱਚ ਮਿਲ ਰਹੇ ਦੂਸ਼ਿਤ ਪਾਣੀ ਦੀ ਖੋਜ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕੌਂਸਲ ਦੇ ਪੱਲੇ ਕੁਝ ਨਹੀਂ ਪਿਆ।
ਸਿਵਲ ਸਰਜਨ ਮੁਹਾਲੀ ਡਾ. ਅਦਰਸ਼ਪਾਲ ਕੌਰ ਨੇ ਸੰਪਰਕ ਕਰਨ ਤੇ ਕੁਰਾਲੀ ਵਿੱਚ ਪੇਚਸ ਦੇ ਪਸਾਰੇ ਸਬੰਧੀ ਅਣਜਾਣ ਹੋਣ ਦਾ ਪ੍ਰਗਟਾਵਾ ਕਰਦਿਆਂ ਘਰ-ਘਰ ਸਰਵੇ ਕਰਵਾਉਣ ਅਤੇ ਮਰੀਜ਼ਾਂ ਦਾ ਇਲਾਜ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਵਾਰਡ ਵਾਸੀਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਪੀਣ ਵਾਲੇ ਪਾਣੀ ਦੇ ਸੈਂਪਲ ਲੈਣ ਦੀ ਗੱਲ ਵੀ ਆਖੀ।
ਕੀ ਕਹਿੰਦੇ ਨੇ ਅਧਿਕਾਰੀ
ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਕਾਰਸਾਧਕ ਅਫ਼ਸਰ ਵੀਕੇ ਜੈਨ ਨੇ ਕਿਹਾ ਕਿ ਕੌਂਸਲ ਵਲੋਂ ਨਿਕਾਸੀ ਨਾਲੀਆਂ ਦੇ ਪਾਣੀ ਦਾ ਪੱਧਰ ਘਟਾਇਆ ਜਾ ਰਿਹਾ ਹੈ ਤਾਂ ਜੋ ਨੁਕਸ ਨੂੰ ਲੱਭਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਾਣੀ ਸਪਲਾਈ ਵਾਲੀਆਂ ਪਾਈਪਾਂ ਦੇ ਕੁਨੈਕਸ਼ਨ ਚੈੱਕ ਕਰਨ ਲਈ ਪੁਟਾਈ ਕਰਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਥਾਨਕ ਸਿਵਲ ਹਸਪਤਾਲ ਦੀ ਕਾਰਜਕਾਰੀ ਐੱਸਐੱਮਓ ਡਾ. ਇੰਦੂ ਨੇ ਪੁਸ਼ਟੀ ਕੀਤੀ ਕਿ ਹਸਪਤਾਲ ਵਿੱਚ ਰੋਜ਼ਾਨਾ ਹੀ ਪੇਚਸ ਦੇ ਕੇਸ ਆ ਰਹੇ ਹਨ ਜਿਨ੍ਹਾਂ ਵਿੱਚੋਂ ਗੰਭੀਰ ਮਰੀਜ਼ਾਂ ਨੂੰ ਮੁਹਾਲੀ ਤੇ ਚੰਡੀਗੜ੍ਹ ਰੈਫਰ ਕਰਨਾ ਪੈ ਰਿਹਾ ਹੈ।