ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਅਗਸਤ
ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐੱਨਸੀਪੀਸੀਆਰ) ਨੇ ਚੰਡੀਗੜ੍ਹ ਦੇ ਨਿੱਜੀ ਸਕੂਲਾਂ ਦਾ ਰਿਕਾਰਡ ਤਲਬ ਕੀਤਾ ਹੈ। ਇਸ ਸਬੰਧੀ ਹਦਾਇਤ ਮਿਲਣ ਤੋਂ ਬਾਅਦ ਯੂਟੀ ਦੇ ਸਿੱਖਿਆ ਵਿਭਾਗ ਨੇ ਵੀ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਘੱਟ ਗਿਣਤੀ ਵਰਗ ਸਕੂਲਾਂ ਤੇ ਉਨ੍ਹਾਂ ਦੇ ਵਿਦਿਆਰਥੀਆਂ ਬਾਰੇ ਵੇਰਵਾ ਮੰਗ ਲਿਆ ਹੈ। ਦੱਸਣਯੋਗ ਹੈ ਕਿ ਕਈ ਸਕੂਲਾਂ ਵੱਲੋਂ ਮਾਨਿਓਰਿਟੀ ਸਕੂਲਾਂ ਦੇ ਸਟੇਟਸ ਦੇ ਨਾਂ ਵਰਤ ਕੇ ਵਿਭਾਗ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤੇ ਵਿਦਿਆਰਥੀਆਂ ਤੋਂ ਵਾਧੂ ਫੀਸਾਂ ਵਸੂਲੀਆਂ ਜਾਂਦੀਆਂ ਹਨ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲ ਮੁਖੀਆਂ ਨੂੰ ਇਹ ਵੇਰਵੇ 8 ਅਗਸਤ ਤਕ ਦੇਣ ਲਈ ਕਿਹਾ ਹੈ। ਸਿੱਖਿਆ ਵਿਭਾਗ ਕਈ ਸਕੂਲਾਂ ਨੂੰ ਮਾਨਿਓਰਿਟੀ ਸਕੂਲ ਨਹੀਂ ਮੰਨਦਾ ਜਦਕਿ ਕਈ ਸਕੂਲ ਮਾਨਿਓਰਿਟੀ ਸਕੂਲ ਹੋਣ ਦਾ ਦਾਅਵਾ ਕਰਦੇ ਹਨ। ਸ਼ਹਿਰ ਦੇ ਕਈ ਮਾਨਿਓਰਿਟੀ ਸਕੂਲ ਆਪਣੇ ਸਕੂਲ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਦਾਖਲੇ ਦਾ ਕੋਟਾ ਵੀ ਨਹੀਂ ਦੇ ਰਹੇ। ਜਦੋਂ ਵਿਭਾਗ ਇਨ੍ਹਾਂ ਸਕੂਲਾਂ ’ਤੇ ਕਾਰਵਾਈ ਆਰੰਭਦਾ ਹੈ ਤਾਂ ਇਹ ਮਾਨਿਓਰਿਟੀ ਸਕੂਲ ਦੀ ਆੜ ਹੇਠ ਕਾਰਵਾਈ ਤੋਂ ਬਚ ਜਾਂਦੇ ਹਨ।
ਦੱਸਣਯੋਗ ਹੈ ਕਿ ਮਾਨਿਓਰਿਟੀ ਦਰਜਾ ਲੈਣ ਨਾਲ ਕਿਸੇ ਵੀ ਸੰਸਥਾਨ ਵਿਚ ਰਾਈਟ ਟੂ ਐਜੂਕੇਸ਼ਨ ਐਕਟ ਲਾਗੂ ਨਹੀਂ ਹੁੰਦਾ ਤੇ ਇਹ ਦਰਜਾ ਹਾਸਲ ਕਰਨ ਤੋਂ ਬਾਅਦ ਸਕੂਲ 25 ਫੀਸਦੀ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਦਾਖਲ ਕਰਨ ਦਾ ਪਾਬੰਦ ਨਹੀਂ ਹੁੰਦਾ।
ਛੁੱਟੀਆਂ ਦਾ ਵੇਰਵਾ ਜਾਰੀ: ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੀਆਂ ਛੁੱਟੀਆਂ ਦਾ ਵੇਰਵਾ ਜਾਰੀ ਕੀਤਾ ਹੈ। ਸਕੂਲਾਂ ਵਿੱਚ ਪੜਝੜ ਦੀਆਂ ਛੁੱਟੀਆਂ 26 ਤੋਂ 29 ਅਕਤੂਬਰ ਤਕ ਹੋਣਗੀਆਂ ਜਦਕਿ ਸਰਦੀ ਦੀਆਂ ਛੁੱਟੀਆਂ 26 ਦਸੰੰਬਰ ਤੋਂ 7 ਜਨਵਰੀ 2023 ਤਕ ਹੋਣਗੀਆਂ। ਇਸ ਤੋਂ ਇਲਾਵਾ ਸਕੂਲ ਮੁਖੀ ਨੂੰ ਇਕ ਛੁੱਟੀ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ।
20 ਵਿੱਚੋਂ ਸਿਰਫ ਦੋ ਸਕੂਲਾਂ ਨੇ ਯੂਟੀ ਕੋਲੋਂ ਲਈ ਐੱਨਓਸੀ
ਇਸ ਵੇਲੇ ਚੰਡੀਗੜ੍ਹ ਵਿਚਲੇ 85 ਪ੍ਰਾਈਵੇਟ ਸਕੂਲਾਂ ਵਿਚੋਂ 22 ਸਕੂਲਾਂ ਨੇ ਕੇਂਦਰੀ ਮਾਨਿਓਰਿਟੀ ਕਮਿਸ਼ਨ ਕੋਲੋਂ ਘੱਟ ਗਿਣਤੀ ਦਾ ਦਰਜਾ ਹਾਸਲ ਕੀਤਾ ਹੋਇਆ ਹੈ। ਇਨ੍ਹਾਂ ਵਿਚੋਂ 20 ਸਕੂਲਾਂ ਨੇ ਸਿੱਧੇ ਕੇਂਦਰੀ ਮਾਨਿਓਰਿਟੀ ਕਮਿਸ਼ਨ ਕੋਲ ਦਰਖਾਸਤ ਦੇ ਕੇ ਮਾਨਿਓਰਿਟੀ ਸਟੇਟਸ ਹਾਸਲ ਕੀਤਾ ਜਦਕਿ ਗੁਰੂ ਨਾਨਕ ਸਕੂਲ ਸੈਕਟਰ-36 ਤੇ ਗੁਰੂ ਹਰਕ੍ਰਿਸ਼ਨ ਸਕੂਲ ਸੈਕਟਰ-40 ਨੇ ਯੂਟੀ ਦੇ ਸਿੱਖਿਆ ਵਿਭਾਗ ਕੋਲੋਂ ਐੱਨਓਸੀ ਲੈ ਕੇ ਕੇਂਦਰੀ ਸੰਸਥਾ ਕੋਲੋਂ ਦਰਜਾ ਹਾਸਲ ਕੀਤਾ।
ਘੱਟ ਗਿਣਤੀ ਦਰਜਾ ਲੈਣ ਲਈ 50 ਫੀਸਦ ਦਾਖਲਾ ਜ਼ਰੂਰੀ
ਚੰਡੀਗੜ੍ਹ ਵਿੱਚ ਇਸ ਵੇਲੇ ਸਿੱਖ, ਇਸਾਈ ਆਦਿ ਵਰਗ ਲਈ ਸਕੂਲ ਖੁੱਲ੍ਹੇ ਹਨ। ਇਨ੍ਹਾਂ ਸਕੂਲਾਂ ਨੇ ਜਿਸ ਵਰਗ ਲਈ ਘੱਟ ਗਿਣਤੀ ਦਾ ਸਟੇਟਸ ਰੱਖਿਆ ਹੈ, ਉਸ ਵਰਗ ਦੇ ਪੰਜਾਹ ਫੀਸਦੀ ਬੱਚਿਆਂ ਨੂੰ ਦਾਖਲਾ ਦੇਣਾ ਜ਼ਰੂਰੀ ਹੁੰਦਾ ਹੈ। ਚੰਡੀਗੜ੍ਹ ਵਿੱਚ ਕਾਰਮਲ ਕਾਨਵੈਂਟ ਸਕੂਲ ਨੂੰ ਈਸਾਈ ਵਰਗ ਦਾ ਮਾਨਿਓਰਿਟੀ ਦਰਜਾ ਹਾਸਲ ਹੈ ਜਦਕਿ ਸੇਂਟ ਸਟੀਫਨ ਸਕੂਲ ਸੈਕਟਰ-45 ਦੇ ਦਰਜੇ ਬਾਰੇ ਕੇਸ ਅਦਾਲਤ ਵਿਚ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਸੇਂਟ ਕਬੀਰ ਸਕੂਲ ਸੈਕਟਰ-26 ਦਾ ਮਾਨਿਓਰਿਟੀ ਸਟੇਟਸ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਕਿਡਜ਼ ਆਰ ਕਿਡਜ਼, ਗੁਰੂ ਨਾਨਕ ਸਕੂਲ, ਸੇਂਟ ਜੌਹਨ, ਸੇਕਰਡ ਹਾਰਟ ਸਕੂਲ, ਸਾਪਿੰਨਜ਼ ਸਕੂਲ ਸੈਕਟਰ-32, ਸੇਂਟ ਐਨੀਜ਼ ਸਕੂਲ ਸੈਕਟਰ-32 ਆਦਿ ਨੇ ਆਪਣੇ ਸਕੂਲਾਂ ਨੂੰ ਮਾਨਿਓਰਿਟੀ ਸਕੂਲ ਐਲਾਨਿਆ ਹੋਇਆ ਹੈ।