ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਜੂਨ
ਯੂਟੀ ਦਾ ਸਿੱਖਿਆ ਵਿਭਾਗ ਪੰਜਾਬ ਸੇਵਾ ਨਿਯਮ ਤੇ ਆਰਟੀਈ ਐਕਟ ਵਿਚ ਉਲਝ ਗਿਆ ਹੈ। ਸਿੱਖਿਆ ਵਿਭਾਗ ਨੇ 22 ਜੂਨ ਨੂੰ ਅਧਿਆਪਕਾਂ ਦੀਆਂ ਛੁੱਟੀਆਂ ’ਤੇ ਕੱਟ ਲਾ ਦਿੱਤਾ ਜਿਸ ਕਾਰਨ ਅਧਿਆਪਕਾਂ ਵਿਚ ਰੋਸ ਹੈ। ਇਸ ਵੇਲੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ 3100 ਦੇ ਕਰੀਬ ਅਧਿਆਪਕ ਨਿਯੁਕਤ ਹਨ ਜਿਨ੍ਹਾਂ ਵਿੱਚੋਂ ਸਮੱਗਰ ਸਿੱਖਿਆ ਤਹਿਤ ਇਕ ਹਜ਼ਾਰ ਅਧਿਆਪਕ ਪੜ੍ਹਾ ਰਹੇ ਹਨ। ਸਮੱਗਰ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਦੀ ਭਰਤੀ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਹੋਈ ਹੈ। ਸਿੱਖਿਆ ਵਿਭਾਗ ਨੇ ਆਰਟੀਈ ਐਕਟ ਅਨੁਸਾਰ ਇਸੇ ਸਾਲ ਮਈ ਵਿਚ ਕੈਜ਼ੂਅਲ ਛੁੱਟੀਆਂ 15 ਕਰਨ ਦਾ ਹੁਕਮ ਜਾਰੀ ਕੀਤਾ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ’ਚ ਪੰਜਾਬ ਸਰਵਿਸ ਰੂਲ ਲਾਗੂ ਹਨ ਇਸ ਕਰ ਕੇ ਮੰਗਲਵਾਰ ਨੂੰ ਹੁਕਮ ਜਾਰੀ ਕੀਤੇ ਗਏ ਕਿ ਹੁਣ ਸਾਰੇ ਮੁਲਾਜ਼ਮਾਂ ਦੀਆਂ ਸਾਲ ਦੀਆਂ 15 ਦੀ ਥਾਂ 12 ਛੁੱਟੀਆਂ ਮਿਲਣਗੀਆਂ।
ਅਧਿਆਪਕਾਂ ਨੇ ਇਸ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਭਾਗ ਨੂੰ ਛੁੱਟੀਆਂ ’ਤੇ ਕੱਟ ਨਹੀਂ ਲਾਉਣਾ ਚਾਹੀਦਾ। ਇਕ ਹੋਰ ਅਧਿਆਪਕ ਨੇ ਦੱਸਿਆ ਕਿ ਵਿਭਾਗ ਨੂੰ ਦੋ ਮਹੀਨਿਆਂ ਵਿਚ ਹੀ ਦੋ ਵੱਖਰੇ-ਵੱਖਰੇ ਹੁਕਮ ਜਾਰੀ ਨਹੀਂ ਕਰਨੇ ਚਾਹੀਦੇ। ਉਨ੍ਹਾਂ ਦੱਸਿਆ ਕਿ ਕਈ ਲਾਭ ਦੇਣ ਦੀ ਥਾਂ ਚੰਡੀਗੜ੍ਹ ਵਿਚ ਕੇਂਦਰ ਦੇ ਨਿਯਮਾਂ ਨੂੰ ਲਾਗੂ ਕੀਤਾ ਜਾਂਦਾ ਹੈ ਪਰ ਹੁਣ ਪੰਜਾਬ ਸਰਵਿਸ ਰੂਲਾਂ ਕਾਰਨ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਸਮੇਂ ਸਿਰ ਤਰੱਕੀਆਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਠੇਕੇ ’ਤੇ ਕੰਮ ਕਰਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਵੀ ਹੱਲ ਨਹੀਂ ਕੀਤੀਆਂ ਜਾ ਰਹੀਆਂ।