ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਅਪਰੈਲ
ਯੂਟੀ ਦੇ ਸਿੱਖਿਆ ਵਿਭਾਗ ਨੇ ਇੱਥੋਂ ਦੇ ਭਵਨ ਵਿਦਿਆਲਿਆ ਸਕੂਲ ਦੀ ਮਾਨਤਾ ਨਵਿਆਉਣ ਤੋਂ ਇਨਕਾਰ ਕਰ ਦਿੱਤਾ ਹੈ। ਵਿਭਾਗ ਨੇ ਸਕੂਲ ਨੂੰ ਕਿਹਾ ਹੈ ਕਿ ਉਹ ਸੈਕਟਰ-33 ਦੇ ਸਕੂਲ ਦਾ ਵੱਖਰਾ ਖਾਤਾ ਬਣਾਏ। ਵਿਭਾਗ ਨੇ ਸਕੂਲ ਨੂੰ ਫਾਇਰ ਵਿਭਾਗ ਵੱਲੋਂ ਐੱਨਓਸੀ ਨਾ ਮਿਲਣ ਦਾ ਨੋਟਿਸ ਵੀ ਲਿਆ ਹੈ। ਵਿਭਾਗ ਨੇ ਸਕੂਲ ਕੋਲੋੀ ਇਸ ਸਬੰਧ ਵਿੱਚ ਦੋ ਦਿਨਾਂ ’ਚ ਜਵਾਬ ਮੰਗਿਆ ਹੈ। ਇਸ ਤੋਂ ਇਲਾਵਾ ਯੂਟੀ ਦੇ ਕਈ ਹੋਰ ਸਕੂਲਾਂ ਦੀ ਮਾਨਤਾ ਨਵਿਆਉਣ ’ਤੇ ਵੀ ਇਤਰਾਜ਼ ਲਗਾਏ ਗਏ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਸਕੂਲ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਸਕੂਲ ਨੂੰ 22 ਮਾਰਚ 2019 ਨੂੰ ਇਸ ਸ਼ਰਤ ’ਤੇ ਆਰਜ਼ੀ ਮਾਨਤਾ ਦਿੱਤੀ ਗਈ ਸੀ ਕਿ ਸਕੂਲ ਮਾਨਤਾ ਸਬੰਧੀ ਸ਼ਰਤਾਂ ਪੂਰੀਆਂ ਕਰੇਗਾ ਤੇ ਇਸ ਮਾਨਤਾ ਦੀ ਮਿਆਦ 31 ਮਾਰਚ 2022 ਤੱਕ ਸੀ। ਸਕੂਲ ਨੇ ਮਾਨਤਾ ਨਵਿਆਉਣ ਲਈ ਦਰਖਾਸਤ ਦਿੱਤੀ ਸੀ ਪਰ ਮਾਨਤਾ ਕਮੇਟੀ ਨੇ ਸਕੂਲ ਵਿੱਚ ਜਾ ਕੇ ਜਾਂਚ ਕੀਤੀ ਤਾਂ ਸਕੂਲ ਵਿੱਚ ਹਾਲੇ ਵੀ ਕਈ ਖਾਮੀਆਂ ਮਿਲੀਆਂ। ਉਨ੍ਹਾਂ ਕਿਹਾ ਕਿ ਸੈਕਟਰ-27 ਦੇ ਸਕੂਲ ਤੋਂ ਬਾਅਦ ਭਵਨ ਵਿਦਿਆਲਿਆ ਨੇ ਸੈਕਟਰ-33 ਦੇ ਰੂਪ ਵਿੱਚ ਨਵੀਂ ਬਰਾਂਚ ਖੋਲ੍ਹੀ ਪਰ ਇਸ ਸਕੂਲ ਦਾ ਵੱਖਰਾ ਖਾਤਾ ਨਹੀਂ ਬਣਾਇਆ ਜਦਕਿ ਫੀਸ ਐਕਟ ਅਨੁਸਾਰ ਕਿਸੇ ਵੀ ਬਰਾਂਚ ਦੇ ਫੰਡ ਦੂਜੀ ਬਰਾਂਚ ਵਿੱਚ ਤਬਦੀਲ ਨਹੀਂ ਕੀਤੇ ਜਾ ਸਕਦੇ। ਇਸ ਸਬੰਧੀ ਸਕੂਲ ਤੋਂ ਜਵਾਬ ਮੰਗਿਆ ਗਿਆ ਹੈ।
ਇਸ ਤੋਂ ਇਲਾਵਾ ਸਕੂਲ ਨੇ ਰਾਖਵੇਂ ਫੰਡ ਵਿੱਚ ਅਧਿਆਪਕਾਂ ਦੀ ਦੋ ਮਹੀਨੇ ਦੀ ਤਨਖਾਹ ਜਮ੍ਹਾਂ ਨਹੀਂ ਕਰਵਾਈ। ਸਕੂਲ ਨੇ ਫਾਇਰ ਵਿਭਾਗ ਤੋਂ ਨਵੀਂ ਐੱਨਓਸੀ ਵੀ ਨਹੀਂ ਲਈ। ਸਿੱਖਿਆ ਵਿਭਾਗ ਵੱਲੋਂ ਸਕੂਲ ਕੋਲੋਂ ਜਵਾਬ ਮੰਗਿਆ ਗਿਆ ਹੈ ਕਿ ਸੈਸ਼ਨ 2021-22 ਤੇ 2022-23 ਵਿੱਚ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀਆਂ 25 ਫੀਸਦੀ ਦੀ ਥਾਂ ਸਿਰਫ ਪੰਜ ਫੀਸਦੀ ਸੀਟਾਂ ਭਰੀਆਂ ਗਈਆਂ ਹਨ। ਇਸ ਕਰ ਕੇ ਸਕੂਲ ਦੀ ਮਾਨਤਾ ਨਵਿਆਉਣ ਤੋਂ ਰੋਕੀ ਗਈ ਹੈ।
ਨਰਸਰੀ ਤੋਂ ਪੰਜਵੀਂ ਤੱਕ 802 ਸੀਟਾਂ ਭਰੀਆਂ਼
ਯੂਟੀ ਸਿੱਖਿਆ ਵਿਭਾਗ ਨੇ ਸਕੂਲ ਨੂੰ ਪੁੱਛਿਆ ਹੈ ਕਿ ਵੱਡੀਆਂ ਕਲਾਸਾਂ ਵਿੱਚ ਸਕੂਲ ਨੇ ਜ਼ਿਆਦਾ ਬੱਚੇ ਦਾਖਲ ਕੀਤੇ ਹਨ ਪਰ ਐਂਟਰੀ ਲੈਵਲ ਜਮਾਤ ਵਿੱਚ 100 ਵਿਦਿਆਰਥੀਆਂ ਨੂੰ ਦਾਖਲ ਕੀਤਾ ਗਿਆ ਹੈ। ਇਸ ਤੋਂ ਬਾਅਦ ਨਰਸਰੀ ਤੋਂ ਪੰਜਵੀਂ ਤੱਕ ਸਮਰੱਥਾ ਨਾਲੋਂ ਵੱਧ 802 ਵਿਦਿਆਰਥੀਆਂ ਨੂੰ ਦਾਖਲ ਕੀਤਾ ਗਿਆ ਹੈ ਜੋ ਕਿ ਸਿੱਖਿਆ ਦੇ ਅਧਿਕਾਰ ਕਾਨੂੰਨ ਦੀ ਉਲੰਘਣਾ ਹੈ ਅਤੇ ਸਕੂਲ ਨੇ ਵੱਡੀਆਂ ਜਮਾਤਾਂ ਵਿੱਚ ਬਣਦੀਆਂ ਈਡਬਲਿਊਐੱਸ ਕੋਟੇ ਦੀਆਂ 25 ਫੀਸਦੀ ਸੀਟਾਂ ’ਤੇ ਦਾਖਲੇ ਨਹੀਂ ਕੀਤੇ। ਜ਼ਿਲ੍ਹਾ ਸਿੱਖਿਆ ਅਫਸਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਮਾਨਤਾ ਕਮੇਟੀ ਦੀ ਟੀਮ ਨੇ ਭਵਨ ਵਿਦਿਆਲਿਆ ਸਣੇ ਹੋਰ ਸਕੂਲਾਂ ਨੂੰ ਖਾਮੀਆਂ ਦੂਰ ਕਰਨ ਲਈ ਕਿਹਾ ਹੈ। ਡਾਇਰੈਕਟਰ ਸਕੂਲ ਐਜੂਕੈਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਸਕੂਲ ਨੇ ਸ਼ੋਅਕਾਜ਼ ਨੋਟਿਸ ਦਾ ਜਵਾਬ ਦੇ ਦਿੱਤਾ ਹੈ ਤੇ ਉਸ ਨੂੰ ਵਾਚਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।