ਮੁਕੇਸ਼ ਕੁਮਾਰ
ਚੰਡੀਗੜ੍ਹ, 24 ਜੂਨ
ਚੰਡੀਗੜ੍ਹ ਪ੍ਰਸ਼ਾਸਨ ਨੇ ਪਾਣੀ ਦੀ ਘਾਟ ਨਾਲ ਨਜਿੱਠਣ ਲਈ ‘ਜਲ ਸ਼ਕਤੀ ਅਭਿਆਨ: ਕੈਚ ਦਿ ਰੇਨ- 2024’ ਮੁਹਿੰਮ ਤਹਿਤ ਵਿਆਪਕ ਜਲ ਸੰਭਾਲ ਪਹਿਲਕਦਮੀ ਸ਼ੁਰੂ ਕੀਤੀ ਹੈ। ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਇਹ ਮੁਹਿੰਮ ‘ਮਹਿਲਾ ਸ਼ਕਤੀ ਤੋਂ ਜਲ ਸ਼ਕਤੀ’ ਵਿਸ਼ੇ ’ਤੇ ਕੇਂਦਰਤ ਹੈ। ਇਸ ਵਿੱਚ ਪਾਣੀ ਦੀ ਸੰਭਾਲ ’ਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ ਗਿਆ ਹੈ।
ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਸੋਮਵਾਰ ਨੂੰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਅਤੇ ਯੂਟੀ ਪ੍ਰਸ਼ਾਸਨ ਸਣੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਯੋਜਨਾ ਸਬੰਧੀ ਸਮੀਖਿਆ ਮੀਟਿੰਗ ਕੀਤੀ। ਸ੍ਰੀ ਵਰਮਾ ਨੇ ਕਿਹਾ ਕਿ ਔਰਤਾਂ ਦੀ ਸ਼ਮੂਲੀਅਤ ਨਾਲ ਅਸੀਂ ਨਾ ਸਿਰਫ਼ ਪਾਣੀ ਦੀ ਘਾਟ ਨੂੰ ਦੂਰ ਕਰ ਰਹੇ ਹਾਂ, ਸਗੋਂ ਸਥਾਨਕ ਭਾਈਚਾਰਿਆਂ ਨੂੰ ਉਨ੍ਹਾਂ ਦੇ ਕੁਦਰਤੀ ਸਰੋਤਾਂ ਦੇ ਸਰਗਰਮ ਮਾਲਕ ਬਣਨ ਲਈ ਵੀ ਸਮਰੱਥ ਬਣਾ ਰਹੇ ਹਾਂ। ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਨਿਗਮ ਦੇ ਵੱਖ-ਵੱਖ ਵਿਭਾਗਾਂ ਵੱਲੋਂ ਅਪਣਾਈ ਬਹੁ-ਪੱਖੀ ਪਹੁੰਚ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ 116 ਸਕੂਲਾਂ ਅਤੇ 38 ਆਂਗਣਵਾੜੀਆਂ ਅਤੇ ਹੋਰ ਸਰਕਾਰੀ ਇਮਾਰਤਾਂ, ਇੱਕ ਕਨਾਲ ਜਾਂ ਇਸ ਤੋਂ ਵੱਡੇ ਪਲਾਟਾਂ ’ਤੇ ਬਣੇ ਘਰਾਂ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਦੇ ਢਾਂਚੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਿਗਮ ਇਮਾਰਤ ਉਪ-ਨਿਯਮਾਂ ਵਿੱਚ ਸੋਧ ਕਰਨ ਦਾ ਵਿਚਾਰ ਕਰ ਰਿਹਾ ਹੈ। ਇਸ ਤਹਿਤ ਸ਼ਹਿਰ ਵਿੱਚ ਵਿਆਪਕ ਟੀਟੀ ਵਾਟਰ ਸਪਲਾਈ ਦੇ ਕੰਮ ਨੂੰ ਅਨੁਕੂਲ ਬਣਾਉਣ ਲਈ ਤੀਜੇ ਦਰਜੇ ਦੇ ਟ੍ਰੀਟਿਡ ਵਾਟਰ ਦੀ ਵਰਤੋਂ ਨੂੰ ਲਾਜ਼ਮੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 7 ਪੁਰਾਣੇ ਛੱਪੜਾਂ ਨੂੰ ਮੁੜ ਸੁਰਜੀਤ ਕਰ ਕੇ ਅੰਮ੍ਰਿਤ ਸਰੋਵਰ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨੇ ਵਿੱਤੀ ਸਾਲ 2024-25 ਵਿੱਚ 2 ਲੱਖ ਤੋਂ ਵੱਧ ਬੂਟੇ ਲਗਾਉਣ ਦੀ ਯੋਜਨਾ ਬਣਾਈ ਹੈ। ਨਿਗਮ ਕਮਿਸ਼ਨਰ ਨੇ ਕਿਹਾ ਕਿ ‘ਮਹਿਲਾ ਸ਼ਕਤੀ ਤੋਂ ਜਲ ਸ਼ਕਤੀ’ ਦੀ ਪਹੁੰਚ ਨੂੰ ਅਪਣਾਉਂਦੇ ਹੋਏ ਨਗਰ ਨਿਗਮ ਨੇ ਆਪਣੇ ਜਲ ਸੰਭਾਲ ਪਹਿਲਕਦਮੀਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਜੋੜਿਆ ਹੈ। ਔਰਤਾਂ ਦੇ ਸਵੈ-ਸਹਾਇਤਾ ਸਮੂਹ ਅੰਮ੍ਰਿਤ ਸਰੋਵਰਾਂ ਦੀ ਸੰਭਾਲ ਅਤੇ ਸਫ਼ਾਈ, ਜਾਗਰੂਕਤਾ ਮੁਹਿੰਮਾਂ ਅਤੇ ਪਾਣੀ ਦੀ ਗੁਣਵੱਤਾ ਜਾਂਚ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹਨ। ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਸਾਰੇ ਵਿਭਾਗਾਂ ਨੂੰ ਸਕੂਲਾਂ, ਆਂਗਣਵਾੜੀਆਂ ਅਤੇ ਸਰਕਾਰੀ ਇਮਾਰਤਾਂ ਨੂੰ ਬਰਸਾਤੀ ਪਾਣੀ ਦੀ ਸੰਭਾਲ ਲਈ ਕਾਰਜ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।