ਮੁਕੇਸ਼ ਕੁਮਾਰ
ਚੰਡੀਗੜ੍ਹ, 3 ਮਈ
ਇੱਥੇ ਈਦ-ਉੱਲ-ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ। ਈਦ ਦੇ ਪਵਿੱਤਰ ਮੌਕੇ ਚੰਡੀਗੜ੍ਹ ਸ਼ਹਿਰ ਦੀਆਂ ਮਸਜਿਦਾਂ ਵਿੱਚ ਭਾਈਚਾਰੇ ਵੱਲੋਂ ਨਮਾਜ਼ ਅਦਾ ਕੀਤੀ ਗਈ ਅਤੇ ਮਗਰੋਂ ਇੱਕ-ਦੂਜੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇੱਥੋਂ ਦੇ ਸੈਕਟਰ 20 ਸਥਿਤ ਜਾਮਾ ਮਸਜਿਦ ਵਿੱਚ ਈਦ-ਉੱਲ-ਫਿਤਰ ਨੂੰ ਲੈ ਕੇ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਜਾਮਾ ਮਸਜਿਦ ਦੇ ਇਮਾਮ ਖਤੀਬ ਮੌਲਾਨਾ ਅਜਮਲ ਖਾਨ ਨੇ ਨਮਾਜ਼ ਤੋਂ ਪਹਿਲਾਂ ਰਮਜ਼ਾਨ ਅਤੇ ਈਦ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਈਦ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਕੌਮੀ ਏਕਤਾ ਨੂੰ ਮਜ਼ਬੂਤ ਕੀਤਾ ਜਾਵੇ।
ਇਸ ਦੌਰਾਨ ਸੈਕਟਰ 45, ਸੈਕਟਰ 26, ਸੈਕਟਰ 31, ਸੈਕਟਰ 56, ਧਨਾਸ, ਮਲੋਆ ਅਤੇ ਮਨੀਮਾਜਰਾ ਸਥਿਤ ਮਸਜਿਦਾਂ ਵਿੱਚ ਵੀ ਈਦ ਦੀ ਨਮਾਜ਼ ਅਦਾ ਕੀਤੀ ਗਈ।
ਸ੍ਰੀ ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਇੱਥੋਂ ਦੇ ਰੋਜ਼ਾ ਸ਼ਰੀਫ਼ ਵਿੱਚ ਈਦ-ਉੱਲ-ਫਿਤਰ ਦਾ ਪਵਿੱਤਰ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਰੋਜ਼ਾ ਸ਼ਰੀਫ ਦੇ ਖਲੀਫਾ ਸਯੱਦ ਮੁਹੰਮਦ ਸਾਦਿਕ ਰਜ਼ਾ ਮੁਜੱਦੀ ਨੇ ਈਦੀ ਦੀ ਵਧਾਈ ਦਿੰਦੇ ਹੋਏ ਰਮਜ਼ਾਨ ਮਹੀਨੇ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।
ਐਸ.ਏ.ਐਸ.ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਈਦ-ਉਲ-ਫਿਤਰ ਦੇ ਤਿਉਹਾਰ ਮੌਕੇ ਮਟੌਰ, ਬਲੌਂਗੀ, ਸ਼ਾਹੀ ਮਾਜਰਾ ਅਤੇ ਕੁਰੜੀ ਵਿੱਚ ਈਦ ਸਬੰਧੀ ਹੋਏ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਸਮਾਗਮਾਂ ਵਿੱਚ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਈਦ-ਉਲ-ਫਿਤਰ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਈਦ ਦਾ ਤਿਉਹਾਰ ਆਪਸੀ ਭਾਈਚਾਰ ਸਾਂਝ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਫਿਰਕਾਪ੍ਰਸਤੀ ਦੀਆਂ ਸਾਜ਼ਿਸ਼ਾਂ ਵਿੱਚ ਲੱਗੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਹੈ। ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਦਿਲਬਰ ਖਾਨ ਚੇਅਰਮੈਨ, ਸੌਦਾਗਰ ਖਾਨ ਪ੍ਰਧਾਨ, ਤਰਸੇਮ ਖਾਨ, ਭੀਮ, ਕਰਮਜੀਤ ਖਾਨ ਤੇ ਸਲੀਮ ਖਾਨ ਆਦਿ ਹਾਜ਼ਰ ਸਨ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ, ਚਾਹੜ ਮਾਜਰਾ, ਘੰਡੌਲੀ, ਸਿੱਸਵਾਂ, ਹੁਸ਼ਿਆਰਪੁਰ, ਰਾਣੀਮਾਜਰਾ, ਤੀੜਾ, ਮਾਣਕਪੁਰ ਸ਼ਰੀਫ, ਮਾਜਰਾ, ਸਿਆਲਬਾ, ਮਾਜਰੀ, ਤਾਰਾਪੁਰ ਆਦਿ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਧੂਮਧਾਮ ਨਾਲ ਮਨਾਈ ਗਈ। ਜਾਣਕਾਰੀ ਅਨੁਸਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਤੀਹ ਦਿਨ ਰੋਜ਼ੇ ਰੱਖਣ ਦੀ ਸਮਾਪਤੀ ਮਗਰੋਂ ਬੀਤੀ ਰਾਤ ਈਦ ਦਾ ਚੰਨ ਦਿਖਾਈ ਦੇਣ ਮਗਰੋਂ ਹੋਏ ਐਲਾਨ ਤਹਿਤ ਅੱਜ ਈਦ ਦੀ ਨਮਾਜ਼ ਅਦਾ ਕੀਤੀ ਗਈ। ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਮੁਸਲਿਮ ਭਾਈਚਾਰੇ ਨੂੰ ਸ਼ਹਿਰ ਦੀ ਈਦਗਾਹ ਵਿਚ ਮੌਲਾਨਾ ਮੁਹੰਮਦ ਜਾਵੇਦ ਨਦਵੀ ਨੇ ਈਦ ਦੀ ਨਮਾਜ਼ ਪੜ੍ਹਾਈ ਅਤੇ ਦੇਸ਼ ਤੇ ਵਿਦੇਸ਼ ਵਿਚ ਅਮਨ ਅਤੇ ਸ਼ਾਂਤੀ ਦੀ ਦੁਆ ਮੰਗੀ। ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਆਮ ਖ਼ਾਸ ਬਾਗ਼ ਸਰਹਿੰਦ ਨਜ਼ਦੀਕ ਮਸਜਿਦ ਵਿੱਚ ਈਦ-ਉਲ- ਫਿਤਰ ਉਤਸ਼ਾਹ ਨਾਲ ਮਨਾਈ ਗਈ। ਇਸ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਧਾਇਕ ਲਖਵੀਰ ਸਿੰਘ ਰਾਏ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਈਦ-ਉੱਲ-ਫਿਤਰ ਦਾ ਪਵਿੱਤਰ ਤਿਉਹਾਰ ਅਮਲੋਹ ਦੇ ਵੱਖ-ਵੱਖ ਪਿੰਡਾਂ ਤੇ ਮੰਡੀ ਗੋਬਿੰਦਗੜ੍ਹ ਦੀਆਂ ਵੱਖ-ਵੱਖ ਮਸਜਿਦਾਂ ’ਚ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵੱਖ-ਵੱਖ ਸਮਾਗਮਾਂ ’ਚ ਸ਼ਿਰਕਤ ਕਰਦਿਆਂ ਕਿਹਾ ਕਿ ਈਦ ਦਾ ਦਿਨ ਖੁਸ਼ੀ ਤੇ ਈਸ਼ਵਰ ਦੇ ਧੰਨਵਾਦ ਦੇ ਤੌਰ ’ਤੇ ਮਨਾਇਆ ਜਾਂਦਾ ਹੈ।
ਲਾਲੜੂ (ਪੱਤਰ ਪ੍ਰੇਰਕ): ਇਲਾਕੇ ’ਚ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਾਈਚਾਰੇ ਦੇ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਫ਼ਤਰ ਦੱਪਰ ’ਚ ਪਹੁੰਚ ਕੇ ਮਿਠਾਈਆਂ ਵੰਡੀਆਂ ਤੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਯੂਨੀਅਨ ਦੇ ਸੂਬਾਈ ਕਾਰਜਕਾਰੀ ਮੈਂਬਰ ਮਨਪ੍ਰਪਤ ਸਿੰਘ ਅਮਲਾਲਾ, ਬਲਾਕ ਪ੍ਰਧਾਨ ਕਰਮ ਸਿੰਘ ਬਰੌਲੀ ਆਦਿ ਹਾਜ਼ਰ ਸਨ।
ਚਰਨਜੀਤ ਚੰਨੀ ਨੇ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ
ਮੋਰਿੰਡਾ (ਪੱਤਰ ਪ੍ਰੇਰਕ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਵਿੱਚ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਵਿੱਚ ਹਿੰਦੂ-ਮੁਸਲਮਾਨ-ਸਿੱਖ-ਇਸਾਈ ਮਿਲਜੁਲ ਕੇ ਰਹਿੰਦੇ ਹਨ। ਜੋ ਕਿ ਪੂਰੀ ਦੁਨੀਆ ਵਿੱਚ ਮਿਸਾਲ ਕਾਇਮ ਹੈ।