ਪੀ.ਪੀ. ਵਰਮਾ
ਪੰਚਕੂਲਾ, 21 ਜੁਲਾਈ
ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਪੇਚਿਸ਼ ਦੇ ਅੱਜ 8 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂਕਿ, ਸ਼ਹਿਰੀ ਖੇਤਰ ਵਿੱਚ ਪੈਂਦੇ ਪਿੰਡ ਅਭੈਪੁਰ ਵਿੱਚ ਜਿੱਥੇ ਅੱਠ ਦਿਨ ਪਹਿਲਾਂ ਪੇਚਿਸ਼ ਫੈਲੀ ਸੀ, ਉੱਥੇ ਹਸਪਤਾਲ ਵੱਲੋਂ ਬਣਾਈ ਗਈ ਆਰਜ਼ੀ ਡਿਸਪੈਂਸਰੀ ਵਿੱਚ ਪੇਚਿਸ਼ ਦੇ 6 ਕੇਸ ਆਏ ਹਨ। ਅੱਜ ਜਨਰਲ ਹਸਪਤਾਲ ਤੇ ਅਭੈਪੁਰ ਡਿਸਪੈਂਸਰੀ ਨੂੰ ਮਿਲਾ ਕੇ ਪੇਚਿਸ਼ ਦੇ 14 ਕੇਸ ਸਾਹਮਣੇ ਆਏ। ਪੰਚਕੂਲਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦੀ ਸਪੋਕਸਮੈਨ ਡਾਕਟਰ ਮਨਕੀਰਤ ਮੁਰਾਰਾ ਨੇ ਦੱਸਿਆ ਕਿ ਹਸਪਤਾਲ ’ਚ ਦਾਖਲ ਪੇਚਿਸ਼ ਦੇ ਮਰੀਜ਼ਾਂ ਦੀ ਕੁਲ ਗਿਣਤੀ 39 ਹੈ। ਇਨ੍ਹਾਂ ਵਿੱਚ 15 ਬੱਚੇ ਤੇ 24 ਵੱਡੇ ਮਰੀਜ਼ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਦਾਖਲ ਹਨ ਉਨ੍ਹਾਂ ਦੀ ਹਾਲਤ ’ਚ ਸੁਧਾਰ ਹੋਇਆ ਹੈ। ਇਹ ਸਾਰੇ ਪੇਚਿਸ਼ ਦੇ ਕੇਸ ਅਭੈਪੁਰ ਦੇ ਨਾਲ ਨਾਲ ਸ਼ਹਿਰ ਦੀਆਂ ਕਈ ਕਲੋਨੀਆਂ ਵਿੱਚੋਂ ਵੀ ਹਨ। ਬੀਤੇ ਦੋ ਦਿਨਾਂ ਦੀ ਬਰਸਾਤ ਕਾਰਨ ਅਭੈਪੁਰ ਵਿੱਚ ਦੁਬਾਰਾ ਪੇਚਿਸ਼ ਦੀ ਬਿਮਾਰੀ ਫੈਲਣ ਦਾ ਖਦਸ਼ਾ ਹੈ। ਜਦੋਂਕਿ ਸ਼ਹਿਰੀ ਵਿਕਾਸ ਅਥਾਰਟੀ ਹੁੱਡਾ ਦੀਆਂ ਟੀਮਾਂ ਅਲਰਟ ਹਨ। ਸਰਕਾਰੀ ਅਦਾਰੇ ਵੱਲੋਂ ਖਾਸ ਕਰ ਸਿਹਤ ਵਿਭਾਗ ਵੱਲੋਂ ਕਲੋਨੀਆਂ ਤੇ ਅਭੈਪੁਰ ਵਿੱਚ ਆਟੋਰਿਕਸ਼ਾ ਰਾਹੀਂ ਮੁਨਾਦੀ ਵੀ ਕਰਵਾਈ ਜਾ ਰਹੀ ਹੈ ਕਿ ਲੋਕ ਪੇਚਿਸ਼ ਦਾ ਸ਼ੱਕ ਹੋਣ ’ਤੇ ਤੁਰੰਤ ਹਸਪਤਾਲ ਵੱਲੋਂ ਪਿੰਡ ਵਿੱਚ ਬਣਾਈ ਗਈ ਆਰਜ਼ੀ ਡਿਸਪੈਂਸਰੀ ਜਾਂ ਸਰਕਾਰੀ ਹਸਪਤਾਲ ’ਚ ਤੁਰੰਤ ਡਾਕਟਰਾਂ ਨੂੰ ਮਿਲਣ ਤੇ ਉਨ੍ਹਾਂ ਦੀ ਸਲਾਹ ਲੈਣ।