ਹਰਜੀਤ ਸਿੰਘ
ਡੇਰਾਬੱਸੀ, 16 ਜਨਵਰੀ
ਇੱਥੋਂ ਦੇ ਨੇੜਲੇ ਪਿੰਡ ਜੌਲਾ ਵਿੱਚ ਅੱਠ ਸਾਲਾ ਬੱਚੀ ਦੀ ਉਸ ਦੇ ਪਿਤਾ ਤੇ ਦਾਦੀ ਵੱਲੋਂ ਕੁੱਟਮਾਰ ਕੀਤੀ ਗਈ। ਬੱਚੀ ਦੀ ਹਾਲਤ ਇੰਨੀ ਵਿਗੜ ਗਈ ਕਿ ਉਸ ਦੇ ਪੂਰੇ ਸ਼ਰੀਰ ’ਤੇ ਨੀਲ ਪੈ ਗਏ। ਉਸ ਦੇ ਗੁਆਂਢੀ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਸਿਵਲ ਹਸਪਤਾਲ ਵੱਲੋਂ ਇਸ ਸਬੰਧੀ ਚਾਈਲਡ ਹੈਲਪ ਲਾਈਨ ਨੰਬਰ 1098 ’ਤੇ ਇਸ ਦੀ ਸ਼ਿਕਾਇਤ ਕੀਤੀ ਗਈ।
ਇਸ ਸਬੰਧੀ ਬੱਚੀ ਨੂੰ ਸਿਵਲ ਹਸਪਤਾਲ ਲੈ ਕੇ ਆਏ ਉਸ ਦੇ ਗੁਆਂਢੀ ਸੰਜੂ ਨੇ ਦੱਸਿਆ ਕਿ ਉਸ ਦੇ ਗੁਆਂਢ ਵਿੱਚ ਰਹਿੰਦੀ ਅੱਠ ਸਾਲਾ ਦੀ ਬੱਚੀ ਦੀ ਕਾਫੀ ਉੱਚੀ ਉੱਚੀ ਰੌਣ ਦੀ ਆਵਾਜ਼ ਆ ਰਹੀ ਸੀ ਜਿਸ ਨੇ ਠੰਢ ਤੋਂ ਬਚਣ ਲਈ ਕੱਪੜੇ ਵੀ ਨਹੀਂ ਪਾਏ ਹੋਏ ਸਨ। ਉਸ ਦਾ ਪਿਤਾ ਅਤੇ ਦਾਦੀ ਉਸ ਦੀ ਅਕਸਰ ਕੁੱਟਮਾਰ ਕਰਦੇ ਹਨ ਅਤੇ ਕੜਾਕੇ ਦੀ ਠੰਢ ਵਿੱਚ ਘਰ ਤੋਂ ਕਮਰੇ ਤੋਂ ਬਾਹਰ ਕੱਢ ਦਿੰਦੇ ਹਨ। ਬੱਚੀ ਨੇ ਉਸ ਨੂੰ ਦੱਸਿਆ ਕਿ ਉਸ ਨੇ ਕੁਝ ਨਹੀਂ ਖਾਧਾ ਹੋਇਆ। ਉਸ ਨੇ ਪਹਿਲਾਂ ਉਸ ਨੂੰ ਰੋਟੀ ਖੁਆਈ ਅਤੇ ਪਾਉਣ ਲਈ ਗਰਮ ਕੱਪੜੇ ਦਿੱਤੇ ਜਿਸ ਮਗਰੋਂ ਉਹ ਉਸ ਨੂੰ ਸਿਵਲ ਹਸਪਤਾਲ ਲੈ ਆਇਆ। ਸਿਵਲ ਹਸਪਤਾਲ ਵਿੱਚ ਪਹੁੰਚੇ ਉਸਦੇ ਮਾਮੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਨੇ ਆਪਣੇ ਪਤੀ ਦੀ ਹਰਕਤਾਂ ਤੋਂ ਤੰਗ ਆ ਕੇ ਤਲਾਕ ਲੈ ਕੇ ਕਿਸੇ ਹੋਰ ਥਾਂ ਵਿਆਹ ਕਰਵਾ ਲਿਆ ਹੈ। ਪਹਿਲਾਂ ਆਪਣੀ ਭੈਣ ਦੇ ਦੋਵੇਂ ਬੱਚੇ ਇਕ ਮੁੰਡਾ ਅਤੇ ਉੱਕਤ ਕੁੜੀ ਨੂੰ ਉਹ ਪਾਲਦੇ ਸੀ ਪਰ ਇਕ ਸਾਲ ਪਹਿਲਾਂ ਉਨ੍ਹਾਂ ਦੀ ਦਾਦੀ ਇੱਥੇ ਲੈ ਆਈ ਜਿਸ ਤੋਂ ਬਾਅਦ ਉਹ ਲਗਾਤਾਰ ਮਾਰਕੁੱਟ ਕਰਦੇ ਹਨ। ਉਸ ਨੇ ਦਾਅਵਾ ਕੀਤਾ ਕਿ ਹੁਣ ਉਹ ਬੱਚੇ ਆਪਣੇ ਨਾਲ ਲੈ ਕੇ ਜਾਏਗਾ।
ਇਸ ਸਬੰਧੀ ਗੱਲ ਕਰਨ ’ਤੇ ਚਾਈਲਡ ਹੈਲਪ ਲਾਈਨ ਤੋਂ ਮੌਕੇ ’ਤੇ ਪਹੁੰਚੀ ਪ੍ਰੀਤੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿੱਚ ਪਹੁੰਚੀ ਬੱਚੀ ਦੀ ਦਾਦੀ ਅਤੇ ਪਿਤਾ ਨੇ ਮਾਰਕੁੱਟ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।