ਪੀਪੀ ਵਰਮਾ
ਪੰਚਕੂਲਾ, 2 ਜੂਨ
ਮੁੱਖ ਅੰਸ਼
- ਸੈਕਟਰ-20 ਦੀ 51 ਨੰਬਰ ਸੁਸਾਇਟੀ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ
- ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਤੇ ਊਨ੍ਹਾਂ ਨੂੰ ਇਕਾਂਤਵਾਸ ਕੀਤਾ
ਪੰਚਕੂਲਾ ਦੇ ਸੈਕਟਰ-20 ਦੀ 51 ਨੰਬਰ ਸੁਸਾਇਟੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਨਟੇਨਮੈਂਟ ਏਰੀਆ ਐਲਾਨ ਦਿੱਤਾ ਹੈ ਅਤੇ ਆਸ-ਪਾਸ ਦੇ ਇਲਾਕੇ ਨੂੰ ਬੱਫਰ ਜ਼ੋਨ ਐਲਾਨਿਆ ਗਿਆ ਹੈ। ਇਸ ਸੁਸਾਇਟੀ ਵਿੱਚ ਇੱਕ ਬਜ਼ੁਰਗ ਆਪਣੇ ਬੇਟੇ ਨੂੰ ਦਿੱਲੀ ਤੋਂ ਮਿਲਣ ਆਇਆ ਸੀ। ਊਸ ਨੂੰ ਸਾਹ ਦੀ ਤਕਲੀਫ ਸੀ ਜਿਸ ਕਾਰਨ ਊਸ ਨੂੰ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ। ਉਸ ਦੇ ਜਦੋਂ ਸੈਂਪਲ ਲਏ ਗਏ ਤਾਂ ਕਰੋਨਾਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਪੰਚਕੂਲਾ ਦੇ ਸੈਕਟਰ-20 ਦੀ 51 ਨੰਬਰ ਸੁਸਾਇਟੀ ਨੂੰ ਕੰਨਟੇਨਮੈਂਟ ਏਰੀਆ ਐਲਾਨ ਦਿੱਤਾ ਹੈ। ਊਸ ਦੇ ਪਰਿਵਾਰਕ ਮੈਂਬਰਾਂ ਨੂੰ ਇਸੇ ਸੁਸਾਇਟੀ ਵਿੱਚ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਸਿਹਤ ਵਿਭਾਗ ਨੇ ਬਜ਼ੁਰਗ ਦੀ ਪਤਨੀ, ਬੇਟਾ, ਨੂੰਹ ਅਤੇ ਪੋਤੀ ਦੇ ਵੀ ਸੈਂਪਲ ਲਏ ਹਨ ਜਿਨ੍ਹਾਂ ਦੀ ਰਿਪੋਰਟ ਜਲਦੀ ਆ ਜਾਵੇਗੀ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੇ ਡੀਸੀ ਮੁਕੇਸ਼ ਕੁਮਾਰ ਅਹੂਜਾ ਅਤੇ ਸਿਵਲ ਸਰਜਨ ਡਾ. ਜਸਬੀਰ ਕੌਰ ਨੇ ਕੀਤੀ ਹੈ।
ਕਰੰਟ ਲੱਗਣ ਨਾਲ ਕਿਸਾਨ ਦੀ ਮੌਤ: ਬਰਵਾਲਾ ਬਲਾਕ ਦੇ ਪਿੰਡ ਮੌਲੀ ਵਿੱਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ ਹੋ ਗਈ। ਊਹ ਖੇਤ ਵਿੱਚ ਕੰਮ ਕਰ ਰਿਹਾ ਸੀ। ਪਿੰਡ ਮੌਲੀ ਚੌਕੀ ਦੇ ਇੰਚਾਰਜ ਏਐੱਸਆਈ ਧਰਮਪਾਲ ਨੇ ਦੱਸਿਆ ਕਿ 36 ਸਾਲਾਂ ਦਾ ਇਹ ਕਿਸਾਨ ਖੇਤਾਂ ਨੂੰ ਪਾਣੀ ਦੇਣ ਲਈ ਮੋਟਰ ਚਲਾਉਣ ਲੱਗਾ ਸੀ ਤੇ ਊਸ ਨੂੰ ਕਰੰਟ ਲੰਗ ਗਿਆ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਮਾਤਾ ਮਨਸਾ ਦੇਵੀ ਪੂਜਾ ਸਥੱਲ ਵੱਲੋਂ ਸ਼ਰਧਾਲੂਆਂ ਦੀਆਂ ਤਿਆਰੀਆਂ: ਪੂਜਾ ਸਥੱਲ ਬੋਰਡ ਮਾਤਾ ਮਨਸਾ ਦੇਵੀ ਨੇ ਮੰਦਰ ਵਿੱਚ ਸ਼ਰਧਾਲੂਆਂ ਦੇ ਆਊਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੂਜਾ ਸਥੱਲ ਬੋਰਡ ਦੇ ਸੀਈਓ ਐਮ.ਐੱਸ.ਯਾਦਵ ਨੇ ਦੱਸਿਆ ਕਿ ਮੰਦਰ ਦੇ ਪੂਰੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਊਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਮਾਸਕ ਪਾਉਣੇ ਜ਼ਰੂਰੀ ਹੋਣਗੇ ਅਤੇ ਉਨ੍ਹਾਂ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ।