ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 16 ਮਈ
ਪਿੰਡ ਭੜੌਜੀਆਂ ਵਾਸੀ ਬਜ਼ੁਰਗ ਦਿਲਬਾਰ ਸਿੰਘ ਆਪਣੀ ਨੌਕਰੀ ਦੀ ਤਨਖ਼ਾਹ ਅਤੇ ਭੱਤੇ ਆਦਿ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਮੁੱਲਾਂਪੁਰ ਗਰੀਬਦਾਸ ਵਿੱਚ ਪੱਤਰਕਾਰਾਂ ਨੂੰ ਆਪਣੇ ਕਾਗ਼ਜਾਂ ਦਾ ਥੱਬਾ ਦਿਖਾਉਂਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਪੰਜਾਬ ਰਾਜ ਪੋਲਟਰੀ ਵਿਕਾਸ ਕਾਰਪੋਰੇਸ਼ਨ ਵਿੱਚ ਬਤੌਰ ਸੇਵਾਦਾਰ ਸੰਨ 1974 ਤੋਂ ਲੈ ਕੇ 2002 ਤੱਕ ਨੌਕਰੀ ਕੀਤੀ ਸੀ ਤੇ ਇਸ ਤੋਂ ਬਾਅਦ ਉਸ ਨੇ ਸਵੈ-ਇੱਛਤ ਸੇਵਾਮੁਕਤੀ ਲੈ ਲਈ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਜੂਨ 2001 ਤੋਂ ਜਨਵਰੀ 2002 ਤੱਕ ਕਰੀਬ 8 ਮਹੀਨੇ ਦੀ ਤਨਖ਼ਾਹ ਸਮੇਤ ਭੱਤੇ ਵਿਭਾਗ ਨੇ ਰੋਕ ਲਏ ਸਨ। ਦਿਲਬਾਰ ਸਿੰਘ ਅਨੁਸਾਰ ਉਸ ਨੇ ਉਕਤ ਕਰੀਬ 8 ਮਹੀਨੇ ਦੀ ਤਨਖ਼ਾਹ ਭੱਤੇ ਆਦਿ ਲੈਣ ਲਈ ਜਿੱਥੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪਿਛਲੇ ਕਰੀਬ 20 ਸਾਲਾਂ ਤੋਂ ਚਿੱਠੀਆਂ ਵੀ ਭੇਜੀਆਂ ਪਰ ਵਿਭਾਗ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ। ਦਿਲਬਾਰ ਸਿੰਘ ਨੇ ਦੱਸਿਆ ਕਿ ਉਸ ਨੇ ਹੁਣ ਪਸ਼ੂ ਪਾਲਣ ਮੰਤਰੀ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਇਕਾ ਅਨਮੋਲ ਗਗਨ ਮਾਨ ਰਾਹੀਂ ਪਿਛਲੇ ਮਹੀਨੇ ਚਿੱਠੀਆਂ ਭੇਜੀਆਂ ਹਨ ਕਿ ਉਸਦੀ ਬਣਦੀ ਤਨਖ਼ਾਹ ਸਮੇਤ ਭੱਤੇ ਆਦਿ ਪਹਿਲ ਦੇ ਆਧਾਰ ਉੱਤੇ ਜਾਰੀ ਕੀਤੇ ਜਾਣ। ਦੂਜੇ ਪਾਸੇ ਪੰਜਾਬ ਰਾਜ ਪੋਲਟਰੀ ਵਿਕਾਸ ਕਾਰਪੋਰੇਸ਼ਨ ਵਿੱਚ ਤਾਇਨਾਤ ਅਫ਼ਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵਿਭਾਗ ਦੇ ਡਾਕਟਰ ਜੀ ਐਮ ਦੱਸਣਗੇ।