ਕੁਲਦੀਪ ਸਿੰਘ
ਚੰਡੀਗੜ੍ਹ, 4 ਜੂਨ
ਇਥੇ ਸੈਕਟਰ 26 ਸਥਿਤ ਬਾਪੂਧਾਮ ਕਲੋਨੀ ਦੀ 80 ਸਾਲਾਂ ਦੀ ਬਜ਼ੁਰਗ ਔਰਤ, ਕਰੋਨਾ ਪਾਜ਼ੇਟਿਵ ਮਰੀਜ਼ ਦੇ ਸਮਾਜਿਕ ਸੰਪਰਕ ਵਿੱਚ ਆਊਣ ਕਾਰਨ ਕਰੋਨਾ ਦੀ ਲਪੇਟ ਵਿੱਚ ਆ ਗਈ ਹੈ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ ਵੱਧ ਕੇ 302 ਹੋ ਗਿਆ ਹੈ। ਇਹ ਜਾਣਕਾਰੀ ਯੂਟੀ ਦੇ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਹੈ। ਵਿਭਾਗ ਮੁਤਾਬਕ ਅੱਜ ਬਾਪੂਧਾਮ ਕਲੋਨੀ ਦੀ ਇੱਕ ਔਰਤ ਸਮੇਤ ਕੁੱਲ 8 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦੇ ਦਿੱਤੀ ਹੈ ਜਿਸ ਉਪਰੰਤ ਊਨ੍ਹਾਂ ਨੂੰ ਹਸਪਤਾਲਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਨੂੰ ਸੈਕਟਰ-22 ਦੀ ਸੂਦ ਧਰਮਸ਼ਾਲਾ ਵਿਚ ਕੁਝ ਦਿਨਾਂ ਦੋ ਲਈ ਕੁਆਰਨੲਾਈਨ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਹੁਣ ਤੱਕ ਕਰੋਨਾ ਦੇ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 222 ਮਰੀਜ਼ ਠੀਕ ਹੋਣ ਉਪਰੰਤ ਡਿਸਚਾਰਜ ਕੀਤੇ ਜਾ ਚੁੱਕੇ ਹਨ। ਸ਼ਹਿਰ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 75 ਹੈ।
ਦਿੱਲੀ ਤੋਂ ਆਈ ਮਹਿਲਾ ਕਰੋਨਾ ਪਾਜ਼ੇਟਿਵ
ਅੰਬਾਲਾ (ਰਤਨ ਸਿੰਘ ਢਿੱਲੋਂ): ਅੱਜ ਅੰਬਾਲਾ ਸ਼ਹਿਰ ਦੇ ਸੈਕਟਰ-10 ਵਿਚ 34 ਸਾਲਾਂ ਦੀ ਮਹਿਲਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਮਹਿਲਾ ਦੋ ਦਿਨ ਪਹਿਲਾਂ ਆਪਣੇ ਬੱਚੇ ਨਾਲ ਦਿੱਲੀ ਤੋਂ ਵਾਪਸ ਆਈ ਸੀ। ਉਸੇ ਦਿਨ ਉਸ ਦਾ ਸੈਂਪਲ ਲੈ ਲਿਆ ਗਿਆ ਸੀ ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਮਹਿਲਾ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਵਿਚ ਰਹਿ ਰਹੀ ਸੀ ਅਤੇ ਪਰਸੋਂ ਹੀ ਵਾਪਸ ਆਈ ਸੀ। ਮਹਿਲਾ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਸੀ ਅਤੇ ਅੱਜ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਇਲਾਜ ਲਈ ਐਮ.ਐਮ. ਮੈਡੀਕਲ ਕਾਲਜ ਮੁਲਾਣਾ ਭੇਜ ਦਿੱਤਾ ਗਿਆ ਹੈ। ਉਸ ਦੇ ਬੱਚੇ ਦਾ ਸੈਂਪਲ ਵੀ ਲੈ ਲਿਆ ਗਿਆ ਹੈ।
ਬਨੂੜ (ਕਰਮਜੀਤ ਸਿੰਘ ਚਿੱਲਾ): ਨਜ਼ਦੀਕੀ ਪਿੰਡ ਨੱਗਲ ਸਲੇਮਪੁਰ ਵਿਚ ਬੀਤੇ ਦਿਨ ਗਰਭਵਤੀ ਮਹਿਲਾ ਅਤੇ ਪ੍ਰਵਾਸੀ ਮਜ਼ਦੂਰ ਦੇ ਕਰੋਨਾ ਪੀੜਤ ਪਾਏ ਜਾਣ ਮਗਰੋਂ ਦੋਹਾਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੰਪਰਕ ਵਿੱਚ ਆਉਣ ਵਾਲੇ 28 ਵਿਅਕਤੀਆਂ ਦੇ ਸੈਂਪਲ ਲਏ ਗਏ। ਬਨੂੜ ਦੀ ਐੱਸਐੱਮਓ ਡਾ. ਹਰਪ੍ਰੀਤ ਕੌਰ ਓਬਰਾਏ ਨੇ ਦੱਸਿਆ ਕਿ ਡਾ. ਸਿਤਿਜ਼ ਅਤੇ ਸੀਐਚਓ ਸਮਤਾ ਦੀ ਅਗਵਾਈ ਹੇਠ ਸਮੁੱਚੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਪਿੰਡ ਦੇ 31 ਘਰਾਂ ਦੇ 117 ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਇਸੇ ਦੌਰਾਨ ਅੱਜ ਪੀਐਚਸੀ ਕਾਲੋਮਾਜਰਾ ਵਿਚ ਵੀ ਐੱਸਐਮਓ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਕਰੋਨਾ ਟੈਸਟਾਂ ਲਈ ਸੈਂਪਲ ਲੈਣ ਦਾ ਕੰਮ ਆਰੰਭ ਕੀਤਾ ਗਿਆ। ਬੀਈਈ ਦਲਜੀਤ ਕੌਰ ਨੇ ਦੱਸਿਆ ਕਿ ਰੋਜ਼ਾਨਾ ਪੰਦਰਾਂ ਤੋਂ ਵੀਹ ਵਿਅਕਤੀਆਂ ਦੇ ਸੈਂਪਲ ਲਏ ਜਾਣਗੇ। ਇਸੇ ਦੌਰਾਨ ਗਿਆਨ ਸਾਗਰ ਦੇ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਨੇ ਦੱਸਿਆ ਕਿ ਇੱਥੇ ਮੁਹਾਲੀ, ਰੂਪਨਗਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ 35 ਕਰੋਨਾ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਹਾਲਤ ਸਥਿਰ ਹੈ।
ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸੂ ਸੂਦ): ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਚ 20 ਸਾਲਾਂ ਦੇ ਨੌਜਵਾਨ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਤਰ੍ਹਾਂ ਸ਼ਹਿਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 3 ਹੋ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਨੌਜਵਾਨ ਦਿੱਲੀ ਤੋਂ 2 ਜੂਨ ਨੂੰ ਆਇਆ ਸੀ ਜਿਸ ਦੇ ਸੈਪਲ ਲੈ ਕੇ ਊਸ ਨੂੰ ਘਰ ਦੇ ਅੰਦਰ ਹੀ ਇਕਾਂਤਵਾਂਸ ਕੀਤਾ ਗਿਆ ਸੀ। ਅੱਜ ਊਸ ਦੀ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਊਸ ਨੂੰ ਗਿਆਨ ਸ਼ਾਗਰ ਹਸਪਤਾਲ ਬਨੂੜ ਦਾਖਲ ਕਰਵਾਇਆ ਗਿਆ ਹੈ।
ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਸ਼ਹਿਰ ਦੇ ਲਖਵਿੰਦਰਾ ਐਨਕਲੇਵ ਇਲਾਕੇ ਦਾ 23 ਸਾਲਾਂ ਦਾ ਵਸਨੀਕ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ।ਊਹ ਹਾਲ ਹੀ ਵਿੱਚ ਦਿੱਲੀ ਤੋਂ ਵਾਪਸ ਆਇਆ ਸੀ। ਇਸ ਵਿਅਕਤੀ ਨੂੰ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਬਨੂੜ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।
ਹਰਿਆਣਾ ਵਿੱਚ ਕੋਰਨਾ ਮਰੀਜ਼ਾਂ ਦਾ ਅੰਕੜਾ 3142
ਪੰਚਕੂਲਾ (ਪੀਪੀ ਵਰਮਾ): ਇਥੇ ਸੈਕਟਰ-6 ਸਥਿਤ ਸਿਹਤ ਵਿਭਾਗ ਦੇ ਹੈੱਡਕੁਆਰਟਰ ਅਨੁਸਾਰ ਹਰਿਆਣਾ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 3142 ਹੋ ਗਈ ਹੈ। ਸੂਬੇ ਵਿੱਚ ਅੱਜ 188 ਨਵੇਂ ਮਰੀਜ਼ ਸਾਹਮਣੇ ਆਏ ਹਨ। ਵੇਰਵਿਆਂ ਅਨੁਸਾਰ ਗੁਰੂਗ੍ਰਾਮ ਵਿੱਚ 112 ਨਵੇਂ ਕੇਸ, ਫਰੀਦਾਬਾਦ ਵਿੱਚ 35 ਕੇਸ, ਨੂਹ ਵਿੱਚ 4 ਕੇਸ, ਪਲਵਲ ਵਿੱਚ 7 ਕੇਸ, ਪਾਨੀਪਤ ਵਿੱਚ ਇਕ 1 ਕੇਸ, ਕਰਨਾਲ ਵਿੱਚ 3 ਕੇਸ, ਸਿਰਸਾ ਵਿੱਚ ਇਕ, ਭਿਵਾਨੀ ਵਿੱਚ 4, ਰੋਹਤਕ ਵਿੱਚ 13 ਤੇ ਹਿਸਾਰ ਵਿੱਚ 8 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।