ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 29 ਮਈ
ਨਵਾਂ ਗਾਉਂ ਇਲਾਕੇ ਤੋਂ ਪਿੰਜੌਰ ਹਰਿਆਣਾ ਨੂੰ ਜੁੜਨ ਵਾਲੇ ਰਾਹ ਵਿੱਚ ਪੈਂਦੇ ਪਿੰਡ ਕਾਨੇ ਦਾ ਵਾੜਾ, ਟਾਂਡਾ, ਟਾਂਡੀ ਦੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ। ਪਿੰਡ ਵਾਸੀਆਂ ਨੇ ਅੱਜ ਡੀਸੀ ਮੁਹਾਲੀ ਨੂੰ ਪੱਤਰ ਵੀ ਦਿੱਤਾ ਹੈ। ਜਥੇਦਾਰ ਸਤਨਾਮ ਸਿੰਘ ਟਾਂਡਾ ਸਣੇ ਹੋਰਾਂ ਨੇ ਦੱਸਿਆ ਕਿ ਜਿੱਥੇ ਪੰਜ ਪਿੰਡਾਂ ਕਾਨੇ ਦਾ ਵਾੜਾ, ਟਾਂਡਾ, ਟਾਂਡੀ, ਪ੍ਰੇਮਪੁਰਾ ਨਾਲ ਜੁੜਦੀ ਪਟਿਆਲਾ ਦੀ ਰਾਉ ਵਾਲੀ ਨਦੀ ’ਤੇ ਪੁਲ ਨਾ ਹੋਣ ਕਾਰਨ ਬਰਸਾਤ ਦੇ ਮੌਸਮ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾਂ ਨਦੀਆਂ ਵਿੱਚ ਆਉਂਦੇ ਬਰਸਾਤੀ ਪਾਣੀ ਦੀ ਲਪੇਟ ਵਿੱਚ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਸੜਕਾਂ ਦੀ ਹਾਲਤ ਬਦਤਰ ਹੈ, ਸਕੂਲ ਅਪਗ੍ਰੇਡ ਨਹੀਂ, ਬਿਜਲੀ ਤੇ ਪਾਣੀ ਦੀ ਸਹੂਲਤ ਨਾਮਾਤਰ ਹਨ, ਹੜਾਂ ਦੌਰਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਨਾ ਮਿਲਣਾ, ਮੋਬਾਈਲ ਟਾਵਰਾਂ ਦੀ ਅਣਹੋਂਦ, ਸ਼ਾਮਲਾਟ ਜ਼ਮੀਨਾਂ ਦੀਆਂ ਗਿਰਦਾਵਰੀਆਂ ਦਾ ਮੁੱਦਾ ਮੁੱਖ ਮੰਗਾਂ ਹਨ। ਇਸੇ ਤਰ੍ਹਾਂ ਮਾਜਰੀਆਂ ਇਲਾਕੇ ਦੇ ਪਿੰਡ ਬਗਿੰਡੀ, ਕਰੌਂਦੇਵਾਲਾ, ਗੁੜਾ, ਕਸੌਲੀ ਤੇ ਜੈਯੰਤੀ ਮਾਜਰੀ ਦੇ ਲੋਕਾਂ ਨੇ ਪਹਿਲਾਂ ਹੀ ਬਾਈਕਾਟ ਕੀਤਾ ਹੋਇਆ ਹੈ। ਲੋਕਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਨੇ ਵੀ ਇਲਾਕੇ ਦੇ ਸਰਵਪੱਖੀ ਵਿਕਾਸ ਬਾਰੇ ਨਹੀਂ ਸੋਚਿਆ, ਇਸ ਕਰਕੇ ਚੋਣਾਂ ਦਾ ਮੁਕੰਮਲ ਬਾਈਕਾਟ ਹੈ। ਇੱਥੇ ਜ਼ਿਕਰਯੋਗ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਪਿੰਡਾਂ ਦੇ ਲੋਕਾਂ ਨੂੰ ਵੋਟਾਂ ਪਾਉਣ ਲਈ ਮਨਾਉਣ ਲਈ ਮੀਟਿੰਗਾਂ ਦੌਰਾਨ ਮਿੰਨਤਾਂ ਕਰ ਰਹੇ ਹਨ ਪਰ ਲੋਕ ਕਿਸੇ ਨੂੰ ਪੱਲਾ ਨਹੀਂ ਫੜਾ ਰਹੇ। ਇਨ੍ਹਾਂ ਪਿੰਡਾਂ ਦੀਆਂ ਕਰੀਬ ਵੀਹ ਤੋਂ ਪੱਚੀ ਹਜ਼ਾਰ ਦੇ ਕਰੀਬ ਵੋਟਾਂ ਦੱਸੀਆਂ ਜਾ ਰਹੀਆਂ ਹਨ।