ਆਤਿਸ਼ ਗੁਪਤਾ
ਚੰਡੀਗੜ੍ਹ, 9 ਸਤੰਬਰ
ਦਿ ਚੰਡੀਗੜ੍ਹ ਕੋਆਪ੍ਰੇਟਿਵ ਬੈਂਕ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਨੌਂ ਸਾਲ ਬਾਅਦ ਚੋਣ ਕੀਤੀ ਗਈ ਹੈ। ਇਸ ਲਈ ਲੰਘੇ ਦਿਨ ਸੈਕਟਰ-22 ਵਿਚ ਸਥਿਤ ਕੋਆਪ੍ਰੇਟਿਵ ਬੈਂਕ ਵਿੱਚ ਵੋਟਿੰਗ ਹੋਈ। ਇਸ ਵਿੱਚ ਦਿ ਚੰਡੀਗੜ੍ਹ ਸਟੇਟ ਕੋਆਪ੍ਰੇਟਿਵ ਬੈਂਕ ਲਿਮਟਿਡ ਦੇ ਵੋਟਰਾਂ ਵੱਲੋਂ ਬੋਰਡ ਆਫ ਡਾਇਰੈਕਟਰਜ਼ ਦੀ ਚੋਣ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇੰਡਵੀਜ਼ੂਅਲ ਸ਼ੇਅਰ ਹੋਲਡਰਾਂ ਦੀ ਚੋਣ ਵਿੱਚ ਚੰਡੀਗੜ੍ਹ ਨਗਰ ਨਿਗਮ ’ਚ ਨਾਮਜ਼ਦ ਕੌਂਸਲਰ ਸਤਿੰਦਰ ਪਾਲ ਸਿੰਘ ਸਿੱਧੂ ਸਾਰੰਗਪੁਰ ਸਭ ਤੋਂ ਵੱਧ ਵੋਟਾਂ 293 ਹਾਸਲ ਕਰ ਕੇ ਡਾਇਰੈਕਟਰ ਚੁਣੇ ਗਏ। ਉਨ੍ਹਾਂ ਦੇ ਨਾਲ ਸੁਖਵਿੰਦਰ ਸਿੰਘ ਕਾਲਾ ਕਜਹੇੜੀ ਨੇ 264 ਵੋਟਾਂ ਤੇ ਸੁਰਜੀਤ ਸਿੰਘ ਢਿੱਲੋਂ ਮਨੀਮਾਜਰਾ 258 ਵੋਟਾਂ ਹਾਸਲ ਕਰ ਕੇ ਡਾਇਰੈਕਟਰ ਚੁਣੇ ਗਏ ਹਨ ਜਦੋਂਕਿ ਦੋ ਜਣੇ ਹਾਰ ਗਏ।
ਕੁਆਪ੍ਰੇਟਿਵ ਸੁਸਾਇਟੀ ਦੇ ਡਾਇਰੈਕਟਰਾਂ ਦੀ ਹੋਈ ਚੋਣ ਵਿੱਚ ਮਨਜੀਤ ਸਿੰਘ ਰਾਣਾ ਬਹਿਲੋਲਪੁਰ ਨੇ 15 ਵੋਟਾਂ, ਹਰਦੀਪ ਸਿੰਘ ਬੁਟੇਰਲਾ ਨੇ 13, ਗੁਰਪ੍ਰੀਤ ਸਿੰਘ ਬਡਹੇੜੀ, ਤਰਲੋਚਨ ਸਿੰਘ ਮੌਲੀ ਤੇ ਕਮਲ ਕਾਂਤ ਸ਼ਰਮਾ ਨੇ 12-12 ਵੋਟਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਜੁਝਾਰ ਸਿੰਘ ਬਡਹੇੜੀ 9 ਵੋਟਾਂ, ਭੁਪਿੰਦਰ ਸਿੰਘ ਬਡਹੇੜੀ 8, ਜੀਤ ਸਿੰਘ ਬਹਿਲਾਣਾ 7, ਬਾਲ ਕ੍ਰਿਸ਼ਨ ਬੁੜੈਲ 6 ਵੋਟਾਂ ਹਾਸਲ ਕਰ ਕੇ ਡਾਇਰੈਕਟਰ ਚੁਣੇ ਗਏ ਹਨ। ਇਸ ਤਰ੍ਹਾਂ ਕੁੱਲ 12 ਮੈਂਬਰ ਜੇਤੂ ਹੋਏ, ਚੁਣੇ ਗਏ ਬੋਰਡ ਆਫ਼ ਡਾਇਰੈਕਟਰਜ਼ ਦੀ ਪਹਿਲੀ ਮੀਟਿੰਗ ਵਿੱਚ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸਾਲ 2015 ਤੋਂ ਬਾਅਦ ਹੋਈ ਹੈ। ਇਸ ਚੋਣ ਨੂੰ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪ੍ਰਬੰਧਕੀ ਕਾਰਨਾਂ ਦਾ ਹਵਾਲਾ ਦੇ ਕੇ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਉਪਰੰਤ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਤੇ ਇਹ ਚੋਣ ਸੰਭਵ ਹੋ ਸਕੀ ਹੈ।