ਪੱਤਰ ਪ੍ਰੇਰਕ
ਚੰਡੀਗੜ੍ਹ, 16 ਅਗਸਤ
ਪੀ.ਜੀ.ਆਈ. ਚੰਡੀਗੜ੍ਹ ਦੇ ਸਾਬਕਾ ਉੱਘੇ ਨਿਊਰੋਸਰਜਨ ਪ੍ਰੋ. ਵਿਜੈ ਕੁਮਾਰ ਕਾਕ ਦਾ ਬੀਤੇ ਦਿਨ 15 ਅਗਸਤ ਨੂੰ ਦੇਹਾਂਤ ਹੋ ਗਿਆ। ਵੇਰਵਿਆਂ ਮੁਤਾਬਕ 15 ਅਕਤੂਬਰ 1938 ਨੂੰ ਸਹਾਰਨਪੁਰ (ਯੂ.ਪੀ.) ਵਿੱਚ ਜਨਮੇ ਪ੍ਰੋ. ਕਾਕ ਨੇ ਸੰਨ 1960 ਵਿੱਚ ਐੱਸਐੱਨ ਮੈਡੀਕਲ ਕਾਲਜ ਆਗਰਾ ਤੋਂ ਸੱਤ ਵਿਸ਼ਿਆਂ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਉਨ੍ਹਾਂ ਨੇ ਕਈ ਸੋਨ ਤਗ਼ਮੇ ਅਤੇ ਸਰਵੋਤਮ ਮੈਡੀਕਲ ਗ੍ਰੈਜੂਏਸ਼ਨ ਲਈ ਚਾਂਸਲਰ ਮੈਡਲ ਵੀ ਹਾਸਿਲ ਕੀਤਾ। ਉਨ੍ਹਾਂ ਦੀ ਦਿਲਚਸਪੀ ਦੇ ਖੇਤਰਾਂ ਵਿੱਚ ਰੀੜ੍ਹ ਦੀ ਸਰਜਰੀ, ਨਾੜੀ ਨਿਊਰੋਸਰਜਰੀ, ਬਾਲ ਚਿਕਿਤਸਕ ਨਿਊਰੋਸਰਜਰੀ, ਸਟੀਰੀਓਟੈਕਟਿਕ ਅਤੇ ਫੰਕਸ਼ਨਲ ਨਿਊਰੋਸਰਜਰੀ ਅਤੇ ਡਾਕਟਰੀ ਸਿੱਖਿਆ ਸ਼ਾਮਲ ਸਨ। ਆਪਣੇ ਪੂਰੇ ਕਰੀਅਰ ਦੌਰਾਨ ਡਾ. ਕਾਕ ਨੂੰ ਸਾਲ-2013 ਵਿੱਚ ਨਿਊਰੋਲੋਜੀਕਲ ਸੁਸਾਇਟੀ ਆਫ਼ ਇੰਡੀਆ ਤੋਂ ਅਤੇ ਸਾਲ-2016 ਵਿੱਚ ਮਦਰਾਸ ਨਿਊਰੋਸਾਇੰਸ ਇੰਸਟੀਚਿਊਟ ਤੋਂ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਸਮੇਤ ਮਹੱਤਵਪੂਰਨ ਪ੍ਰਸ਼ੰਸਾ ਪ੍ਰਾਪਤ ਹੋਏ।
ਉਨ੍ਹਾਂ ਵੱਖ-ਵੱਖ ਮੈਡੀਕਲ ਸੁਸਾਇਟੀਆਂ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਅਤੇ 1983 ਵਿੱਚ ਮੈਡੀਕਲ ਸਾਇੰਸਿਜ਼ ਦੇ ਭਾਰਤੀ ਅਕਾਦਮੀ ਦੇ ਫੈਲੋ ਵੀ ਚੁਣੇ ਗਏ। ਡਾ. ਕਾਕ ਨੇ ਸੰਨ 1994-1995 ਦੌਰਾਨ ਨਹਿਰੂ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵਜੋਂ ਅਤੇ ਸਾਲ-2000 ਵਿੱਚ ਆਪਣੀ ਸੇਵਾਮੁਕਤੀ ਤੱਕ ਜੀ.ਐੱਮ.ਸੀ.ਐੱਚ. ਚੰਡੀਗੜ੍ਹ ਦੇ ਡਾਇਰੈਕਟਰ-ਪ੍ਰਿੰਸੀਪਲ ਵਜੋਂ ਸੇਵਾ ਨਿਭਾਈ।