ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਜੁਲਾਈ
ਇਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-8 ਦੀ ਵਿਦਿਆਰਥਣ ਰਹਿਨੁਮਾ ਰਾਣੀ ਦਾ ਜਜ਼ਬਾ ਵੇਖਣਯੋਗ ਹੈ। ਇਸ ਬੱਚੀ ਦੇ ਦੋਵੇਂ ਹੱਥ ਨਹੀਂ ਹਨ ਤੇ ਉਸ ਨੇ ਪੈਰਾਂ ਨਾਲ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਤੇ 72 ਫੀਸਦੀ ਅੰਕ ਹਾਸਲ ਕੀਤੇ। ਇਸ ਵਿਦਿਆਰਥਣ ਦੇ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਰਹਿਨੁਮਾ ਦਾ ਪਰਿਵਾਰ ਕਾਫੀ ਗਰੀਬ ਹੈ ਤੇ ਉਹ ਰਾਜੀਵ ਕਲੋਨੀ ਦੀਆਂ ਝੁੱਗੀਆਂ ਵਿਚ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਲੜਕੀ ਦਾ ਜੋਸ਼ ਬਾਕੀਆਂ ਨਾਲੋਂ ਹਟ ਕੇ ਹੈ। ਦੱਸਣਾ ਬਣਦਾ ਹੈ ਕਿ ਬੋਰਡ ਪ੍ਰੀਖਿਆਵਾਂ ਵਿਚ ਅੰਗਹੀਣ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਲਿਖਾਰੀ ਦੀ ਆਪਸ਼ਨ ਮਿਲਦੀ ਹੈ ਪਰ ਉਸ ਨੇ ਹੋਰਾਂ ਦੀਆਂ ਸੇਵਾਵਾਂ ਲੈਣ ਦੀ ਥਾਂ ਆਪ ਹੀ ਪ੍ਰੀਖਿਆ ਦਿੱਤੀ। ਉਸ ਨੇ ਦੱਸਿਆ ਕਿ ਉਸ ਦੇ ਦੋਵੇਂ ਹੱਥ ਬਚਪਨ ਤੋਂ ਹੀ ਨਹੀਂ ਸਨ। ਰਹਿਨੁਮਾ ਨੇ ਦੱਸਿਆ ਕਿ ਉਸ ਦੇ ਪਿਤਾ ਦਿਹਾੜੀਦਾਰ ਹਨ ਤੇ ਉਹ ਤਿੰਨ ਭੈਣਾਂ ਤੇ ਦੋ ਭਰਾ ਹਨ।
ਫਾਈਨ ਆਰਟਸ ਕਰਨ ਦੀ ਚਾਹਵਾਨ ਹੈ ਰਹਿਨੁਮਾ
ਰਹਿਨੁਮਾ ਦਾ ਪਰਿਵਾਰ ਗਰੀਬ ਹੋਣ ਕਾਰਨ ਉਸ ਨੂੰ ਅੱਗੇ ਵੀ ਕਈ ਸਮੱਸਿਆਵਾਂ ਦਰਪੇਸ਼ ਹਨ। ਉਸ ਨੇ ਦੱਸਿਆ ਕਿ ਉਸ ਨੂੰ ਪੇਂਟਿੰਗਜ਼ ਦਾ ਸ਼ੌਕ ਹੈ ਤੇ ਉਹ ਫਾਈਨ ਆਰਟਸ ਕਰਨਾ ਚਾਹੁੰਦੀ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਹਰ ਸੰਭਵ ਮਦਦ ਕਰਨਾ ਚਾਹੁੰਦੇ ਹਨ ਪਰ ਪਰਿਵਾਰ ਵੱਡਾ ਹੋਣ ਕਰਕੇ ਤੇ ਤਾਲਾਬੰਦੀ ਨੇ ਉਨ੍ਹਾਂ ਦੀ ਆਮਦਨ ਨੂੰ ਖਾਸਾ ਪ੍ਰਭਾਵਿਤ ਕੀਤਾ ਹੈ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਿਦਿਆਰਥਣ ਦੇ ਹੁਨਰ ਦਾ ਪਤਾ ਲੱਗਿਆ ਹੈ ਤੇ ਵਿਭਾਗ ਵਲੋਂ ਰਹਿਨੁਮਾ ਦਾ ਸਨਮਾਨ ਕੀਤਾ ਜਾਵੇਗਾ ਤੇ ਹਰ ਸੰਭਵ ਮਦਦ ਕੀਤੀ ਜਾਵੇਗੀ।