ਮੁਕੇਸ਼ ਕੁਮਾਰ
ਚੰਡੀਗੜ੍ਹ, 28 ਸਤੰਬਰ
ਚੰਡੀਗੜ੍ਹ ਨਗਰ ਨਿਗਮ ਵਿੱਤੀ ਸੰਕਟ ’ਚੋਂ ਲੰਘ ਰਿਹਾ ਹੈ ਅਤੇ ਜੇ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਅਗਲੇ 6 ਮਹੀਨਿਆਂ ’ਚ ਨਿਗਮ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਕੋਈ ਪੈਸਾ ਨਹੀਂ ਬਚੇਗਾ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਿਗਮ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ, ਪੈਨਸ਼ਨਾਂ ਅਤੇ ਹੋਰ ਲਾਜ਼ਮੀ ਬਿੱਲਾਂ ਦੀ ਅਦਾਇਗੀ ’ਤੇ ਹਰ ਮਹੀਨੇ ਲਗਪਗ 70 ਕਰੋੜ ਰੁਪਏ ਖਰਚ ਕਰਦਾ ਹੈ। ਇਸ ਤਰ੍ਹਾਂ ਨਿਗਮ ਨੂੰ ਅਗਲੇ ਛੇ ਮਹੀਨਿਆਂ ਲਈ ਕਰੀਬ 420 ਕਰੋੜ ਰੁਪਏ ਦੀ ਲੋੜ ਹੈ ਪਰ ਪ੍ਰਸ਼ਾਸਨ ਤੋਂ ਮਿਲੀ ਗ੍ਰਾਂਟ-ਇਨ-ਏਡ ਅਤੇ ਆਪਣੀ ਕਮਾਈ ਤੋਂ ਬਾਅਦ ਵੀ ਨਿਗਮ ਨੂੰ ਲਗਪਗ 120 ਕਰੋੜ ਰੁਪਏ ਦੀ ਹੋਰ ਲੋੜ ਹੈ। ਭਾਜਪਾ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਨੇ ਇਸ ਸਬੰਧੀ ਨਗਰ ਨਿਗਮ ਨੂੰ ਲਿਖਤੀ ਤੌਰ ’ਤੇ ਕਈ ਸਵਾਲ ਪੁੱਛੇ ਸਨ ਅਤੇ ਨਿਗਮ ਦੇ ਬਜਟ ਸਬੰਧੀ ਜਵਾਬ ਮੰਗੇ ਸਨ। ਨਿਗਮ ਦੇ ਜਵਾਬ ਤੋਂ ਸਾਫ਼ ਹੋ ਗਿਆ ਕਿ ਨਿਗਮ ਦੀ ਹਾਲਤ ਸੱਚਮੁੱਚ ਬਹੁਤ ਮਾੜੀ ਹੈ। ਸਿੱਧੂ ਨੇ ਸਦਨ ਦੀ ਮੀਟਿੰਗ ਵਿੱਚ ਇਸ ਬਾਰੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਇਸ ਵੱਲ ਸਭ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜੇ ਅਜਿਹਾ ਹੀ ਚੱਲਦਾ ਰਿਹਾ ਤਾਂ ਨਿਗਮ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਰਹਿਣਗੇ। ਮੀਟਿੰਗ ਵਿੱਚ ਪੁੱਛਿਆ ਗਿਆ ਸੀ ਕਿ ਹਰ ਮਹੀਨੇ ਨਿਗਮ ਦੀ ਵਚਨਬੱਧ ਦੇਣਦਾਰੀ ਕੀ ਹੈ। ਜੁਆਇੰਟ ਕਮਿਸ਼ਨਰ ਗੁਰਿੰਦਰ ਸੋਢੀ ਨੇ ਜਵਾਬ ਦਿੱਤਾ ਸੀ ਕਿ ਕਰੀਬ 70 ਕਰੋੜ ਰੁਪਏ ਨਿਗਮ ਦੇ ਹਰ ਮਹੀਨੇ ਆਪਣੇ ਮੁਲਾਜ਼ਮਾਂ ਸਣੇ ਹੋਰ ਲੋੜੀਂਦੇ ਖ਼ਰਚੇ ਤੈਅ ਹਨ। ਜੇ ਜੋੜਿਆ ਜਾਵੇ ਤਾਂ ਨਿਗਮ ਨੂੰ ਛੇ ਮਹੀਨਿਆਂ ਵਿੱਚ 420 ਕਰੋੜ ਰੁਪਏ ਦੀ ਲੋੜ ਪਵੇਗੀ। ਇਹ ਵੀ ਸਿਰਫ਼ ਤਨਖਾਹਾਂ ਅਤੇ ਲੋੜੀਂਦੇ ਖਰਚੇ ਹਨ। ਵਾਰਡਾਂ ਦੇ ਵਿਕਾਸ ਕਾਰਜਾਂ ਦਾ ਖਰਚਾ ਵੀ ਸ਼ਾਮਲ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਨਿਗਮ ਦੀ ਆਮਦਨ ਅਤੇ ਪ੍ਰਸ਼ਾਸਨ ਤੋਂ ਮਿਲਣ ਵਾਲੀ ਗ੍ਰਾਂਟ-ਇਨ-ਏਡ ਨੂੰ ਜੋੜ ਕੇ 300 ਕਰੋੜ ਰੁਪਏ ਦੇ ਕਰੀਬ ਹੋਣ ਦਾ ਅਨੁਮਾਨ ਹੈ। ਅਜਿਹੇ ’ਚ ਇਹ ਚਿੰਤਾ ਦਾ ਵਿਸ਼ਾ ਹੈ ਕਿ 120 ਕਰੋੜ ਰੁਪਏ ਦੇ ਘਾਟੇ ਨੂੰ ਕਿਵੇਂ ਪੂਰਾ ਕੀਤਾ ਜਾਵੇਗਾ। ਲੋੜੀਂਦੇ ਖ਼ਰਚੇ ਪੂਰੇ ਕਰਨ ਲਾਈ ਕੌਂਸਲਰਾਂ ਅਤੇ ਅਧਿਕਾਰੀਆਂ ਦੀ ਚਿੰਤਾ ਵਧ ਗਈ ਹੈ।
ਨਿਗਮ ਵਿੱਚ ਫੰਡ ਕਮਾਏ ਜਾ ਸਕਦੇ ਹਨ: ਨਿਗਮ ਕਮਿਸ਼ਨਰ
ਸਦਨ ਦੀ ਮੀਟਿੰਗ ਵਿੱਚ ਵਿੱਤੀ ਸੰਕਟ ’ਤੇ ਚਰਚਾ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਿਗਮ ਵਿੱਚ ਫੰਡ ਕਮਾਏ ਜਾ ਸਕਦੇ ਹਨ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਅਗਲੇ 6 ਮਹੀਨਿਆਂ ਵਿੱਚ ਕੇਵਲ ਜ਼ਰੂਰੀ ਖਰਚਿਆਂ (70 ਕਰੋੜ ਰੁਪਏ ਹਰ ਮਹੀਨੇ) ਲਈ ਕੌਂਸਲਰਾਂ ਦੇ ਸਹਿਯੋਗ ਦੀ ਲੋੜ ਹੈ। ਨਿਗਮ ਨੂੰ ਵਿੱਤੀ ਸਾਲ 2024-25 ਵਿੱਚ ਪ੍ਰਸ਼ਾਸਨ ਤੋਂ 560 ਕਰੋੜ ਰੁਪਏ ਮਿਲਣੇ ਹਨ। ਇਸ ਵਿੱਚੋਂ 387 ਕਰੋੜ ਰੁਪਏ ਪਹਿਲਾਂ ਹੀ ਪ੍ਰਾਪਤ ਹੋ ਚੁੱਕੇ ਹਨ। ਹੁਣ ਸਿਰਫ਼ 173 ਕਰੋੜ ਰੁਪਏ ਹੀ ਮਿਲਣਗੇ। ਦੂਜੇ ਪਾਸੇ ਨਿਗਮ ਨੇ 1 ਅਪਰੈਲ 2024 ਤੋਂ 23 ਸਤੰਬਰ 2024 ਤੱਕ ਆਪਣੇ ਆਪ ਤੋਂ 167 ਕਰੋੜ ਰੁਪਏ ਕਮਾਏ ਹਨ। ਉਧਰ ਕੌਂਸਲਰਾਂ ਦਾ ਅੰਦਾਜ਼ਾ ਹੈ ਕਿ ਨਿਗਮ ਨੂੰ ਅਗਲੇ ਛੇ ਮਹੀਨਿਆਂ ਤੱਕ ਹਰ ਮਹੀਨੇ ਔਸਤਨ 20 ਕਰੋੜ ਰੁਪਏ ਦੀ ਆਮਦਨ ਹੋਵੇਗੀ। ਇਸ ਹਿਸਾਬ ਨਾਲ ਛੇ ਮਹੀਨਿਆਂ ਵਿੱਚ 120-125 ਕਰੋੜ ਰੁਪਏ ਆਉਣ ਦੀ ਉਮੀਦ ਹੈ।
ਯੂਟੀ ਪ੍ਰਸ਼ਾਸਕ ਤੋਂ ਵਾਧੂ ਫ਼ੰਡ ਜਾਰੀ ਕਰਵਾਉਣ ਦੀ ਮੰਗ ਕਰਾਂਗੇ: ਮੇਅਰ
ਇਸ ਬਾਰੇ ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਨਾਲ ਮੁਲਾਕਾਤ ਕਰਕੇ ਨਿਗਮ ਲਈ ਵਾਧੂ ਫ਼ੰਡ ਜਾਰੀ ਕਰਵਾਉਣ ਨੂੰ ਲੈ ਕੇ ਮੰਗ ਕੀਤੀ ਜਾਏਗੀ।