ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 23 ਫਰਵਰੀ
ਪੀਐੱਸਈਬੀ ਐਂਪਲਾਈਜ਼ ਸਾਂਝੇ ਮੋਰਚੇ ਵੱਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਨਿੱਜੀਕਰਨ ਖ਼ਿਲਾਫ਼ ਕੀਤੀ ਜਾ ਰਹੀ ਹੜਤਾਲ ਦੇ ਸਮਰਥਨ ਵਿੱਚ ਅੱਜ ਦੂਜੇ ਦਿਨ ਵੀ ਮੁਹਾਲੀ ਵਿੱਚ ਰੋਸ ਰੈਲੀ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਚੰਡੀਗੜ੍ਹ ਬਿਜਲੀ ਬੋਰਡ ਸਮੁੱਚੇ ਦੇਸ਼ ਵਿੱਚ ਪਹਿਲਾ ਸਰਕਾਰੀ ਅਦਾਰਾ ਹੈ, ਜੋ 310 ਕਰੋੜ ਦੇ ਮੁਨਾਫ਼ੇ ਵਿੱਚ ਚੱਲ ਰਿਹਾ ਹੈ। ਇਸ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਾਰੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰ ਰਹੀ ਹੈ। ਇਸ ਲਈ ਮੁਲਾਜ਼ਮ ਵਰਗ ਸੜਕਾਂ ’ਤੇ ਉਤਰੇ ਹੋਏ ਹਨ। ਮੁਲਾਜ਼ਮ ਆਗੂ ਮੋਹਨ ਸਿੰਘ ਗਿੱਲ, ਗੁਰਮੇਲ ਸਿੰਘ, ਬਲਵਿੰਦਰ ਕੁਮਾਰ, ਜਸਪਾਲ ਸਿੰਘ ਭੁੱਲਰ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਦੇਸ਼ ਦੀ ਸਰਕਾਰੀ ਏਅਰ ਲਾਈਨਜ਼, ਰੇਲਵੇ, ਟੈਲੀਕਾਮ ਨੂੰ ਪ੍ਰਾਈਵੇਟ ਕਰਨ ਲਈ ਕੇਂਦਰ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਸਰਕਾਰੀ ਅਦਾਰਿਆਂ ਨੂੰ ਬਚਾਉਣ ਲਈ ਦੇਸ਼ ਵਿੱਚ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਹੇਠ ਦੇਸ਼ ਵਿਆਪੀ ਸੰਘਰਸ਼ ਚੱਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਚੰਡੀਗੜ੍ਹ ਪਾਵਰਕੌਮ ਦਾ ਨਿੱਜੀਕਰਨ ਨਾ ਕੀਤਾ ਜਾਵੇ।
ਬਿਜਲੀ ਮੁਲਾਜ਼ਮਾਂ ਨੇ ਪੁਤਲਾ ਫੂਕਿਆ
ਨੰਗਲ (ਰਾਕੇਸ਼ ਸੈਣੀ): ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ, ਟੀਐੱਸਯੂ (ਭੰਗਲ) ਅਤੇ ਟੀਐੱਸਯੂ (ਸੋਢੀ) ਨਾਲ ਸਬੰਧਿਤ ਮੁਲਾਜ਼ਮ ਜੱਥੇਬਦੀਆਂ ਨੇ ਅੱਜ ਨਿੱਜੀਕਰਨ ਦੇ ਵਿਰੋਧ ਵਿੱਚ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਮੁਲਾਜ਼ਮ ਆਗੂ ਤਿਲਕ ਰਾਜ ਬਾਲੀ, ਜਸਪਾਲ ਸਿੰਘ, ਟੀਐੱਸਯੂ ਦੇ ਜਨਰਲ ਸਕੱਤਰ ਅਜੇ ਕਪੂਰ, ਕਮਲ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।