ਪੱਤਰ ਪ੍ਰੇਰਕ
ਚੰਡੀਗੜ੍ਹ, 29 ਜੂਨ
ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਸਾਂਝਾ ਮੋਰਚਾ) ਵੱਲੋਂ ਪਿਛਲੇ ਦਿਨੀਂ ਹੋਈ ਸੀਟੀਯੂ ਵਰਕਰਜ਼ ਯੂਨੀਅਨ ਦੀ ਚੋਣ ਵਿੱਚ ਹੋਈ ਜਿੱਤ ਬਾਰੇ ਧੰਨਵਾਦੀ ਰੈਲੀ ਕਰਦਿਆਂ ਸੀਟੀਯੂ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਜਸਵੰਤ ਸਿੰਘ ਜੱਸਾ, ਜਨਰਲ ਸਕੱਤਰ ਸਤਿੰਦਰ ਸਿੰਘ, ਵਾਈਸ ਪ੍ਰਧਾਨ ਗੁਲਾਬ ਸਿੰਘ ਅਤੇ ਕੈਸ਼ੀਅਰ ਗੁਰਪ੍ਰੀਤ ਸਿੰਘ ਪਨੈਚਾਂ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਸੀਟੀਯੂ ਦੇ ਨਿੱਜੀਕਰਨ ਦੀ ਤਿਆਰੀ ਵਿੱਚ ਹੈ ਜਿਸ ਦਾ ਯੂਨੀਅਨ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 12 ਜੁਲਾਈ ਨੂੰ ਅਦਾਰੇ ਵਿੱਚ ਪ੍ਰਸ਼ਾਸਨ ਵੱਲੋਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾ ਰਹੀਆਂ ਪ੍ਰਾਈਵੇਟ ਬੱਸਾਂ ਦੇ ਟੈਂਡਰਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
417 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ: ਮੁਲਾਜ਼ਮ ਯੂਨੀਅਨ
ਯੂਨੀਅਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਟੀਯੂ ਦੀਆਂ 417 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ ਅਤੇ ਕਿਲੋਮੀਟਰ ਸਕੀਮ ਦੀਆਂ ਪ੍ਰਾਈਵੇਟ ਬੱਸਾਂ ਦੇ ਟੈਂਡਰ ਨੂੰ ਰੱਦ ਕਰਕੇ ਅਦਾਰੇ ਵਿੱਚ ਸਰਕਾਰੀ ਬੱਸਾਂ ਦੀ ਖਰੀਦ ਕੀਤੀ ਜਾਵੇ। ਖਾਲੀ ਪਈਆਂ ਰੈਗੂਲਰ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਲੋਮੀਟਰ ਸਕੀਮ ਦੀਆਂ ਪ੍ਰਾਈਵੇਟ ਬੱਸਾਂ ਦਾ ਟੈਂਡਰ ਰੱਦ ਨਾ ਕੀਤਾ ਗਿਆ ਤਾਂ ਯੂਨੀਅਨ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਵੇਗੀ। ਅੱਜ ਦੀ ਰੈਲੀ ਵਿੱਚ ਸ਼ਾਮਿਲ ਮੁਲਾਜ਼ਮਾਂ ਵੱਲੋਂ ਅਦਾਰੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।ਉਨ੍ਹਾਂ ਕਿਹਾ ਕਿ ਯੂਟੀ ਸਕੱਤਰੇਤ ਵਿੱਚ ਸਕੱਤਰ (ਟਰਾਂਸਪੋਰਟ) ਨੇ ਪ੍ਰਾਈਵੇਟ ਬੱਸਾਂ ਦਾ ਟੈਂਡਰ ਰੋਕਣ ਦਾ ਭਰੋਸਾ ਦਿੱਤਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਹੁਣ ਫਿਰ ਤੋਂ ਟੈਂਡਰ ਲਗਾ ਕੇ ਸੀਟੀਯੂ ਦੇ ਨਿੱਜੀਕਰਨ ਵੱਲ ਕਦਮ ਚੁੱਕ ਰਿਹਾ ਹੈ।