ਸ਼ਸੀ ਪਾਲ ਜੈਨ
ਖਰੜ, 27 ਅਗਸਤ
ਕੇਂਦਰ ਸਰਕਾਰ ਵੱਲੋਂ ਦਹਾਕਿਆਂ ਪੁਰਾਣੀ ਸਿੱਖਿਆ ਨੀਤੀ ਨੂੰ ਨਵਾਂ ਰੂਪ ਦਿੰਦੇ ਹੋਏ ਜਾਰੀ ਕੀਤੀ ਨਵੀਂ ’ਰਾਸ਼ਟਰੀ ਸਿੱਖਿਆ ਨੀਤੀ-2020’ ਦਾ ਟੀਚਾ ਪੇਸ਼ੇਵਰ ਸਿੱਖਿਆ ਸਮੇਤ ਉਚੇਰੀ ਸਿੱਖਿਆ ਵਿੱਚ ਕੁੱਲ ਦਾਖ਼ਲਾ ਦਰ ਨੂੰ ਵਧਾ ਕੇ ਸਾਲ 2035 ਤੱਕ 50 ਫ਼ੀਸਦੀ ਕਰਨ ਦਾ ਟੀਚਾ ਮਿੱਥਿਆ ਹੈ ਜਦਕਿ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ 3.5 ਤੋਂ 4 ਕਰੋੜ ਨਵੀਂਆਂ ਸੀਟਾਂ ਜੋੜਨ ਦਾ ਟੀਚਾ ਵੀ ਨਵੀਂ ਸਿੱਖਿਆ ਨੀਤੀ ਦਾ ਹਿੱਸਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ’ਨਿਸ਼ਾਂਕ’ ਨੇ ਸਿੱਖਿਆ ਸੰਸਥਾਵਾਂ ਦੀ ਰਾਸ਼ਟਰ ਪੱਧਰੀ ਸੰਸਥਾ ਐਜੂਕੇਸ਼ਨ ਪ੍ਰਮੋਸ਼ਨ ਸੁਸਾਇਟੀ ਫ਼ਾਰ ਇੰਡੀਆ ਅਤੇ ਪੰਜਾਬ ਦੀਆਂ 13 ਐਸੋਸੀਏਸ਼ਨਾਂ ਅਤੇ ਲਗਪਗ 5000 ਸਿੱਖਿਆ ਸੰਸਥਾਵਾਂ ਦੀ ਸੰਯੁਕਤ ਨੁਮਾਇੰਗੀ ਕਰਨ ਵਾਲੀ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ (ਜੈਕ) ਵੱਲੋਂ ਰਾਸ਼ਟਰੀ ਸਿੱਖਿਆ ਨੀਤੀ 2020 ਸਬੰਧੀ ਕਰਵਾਏ ਆਨਲਾਈਨ ਪ੍ਰੋਗਰਾਮ ’ਸਿੱਖਿਆ ਸੰਵਾਦ’ ਦੌਰਾਨ ਕੀਤਾ। ਵਿਚਾਰ ਗੋਸ਼ਟੀ ਦੌਰਾਨ ਕੇਂਦਰੀ ਸਿੱਖਿਆ ਰਾਜ ਮੰਤਰੀ ਸੰਜੇ ਸ਼ਾਮਰਾਓ ਧੋਤਰੇ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਕਾਂ, ਸਿੱਖਿਆ ਸ਼ਾਸ਼ਤਰੀਆਂ, ਵਿਦਵਾਨਾਂ ਸਮੇਤ ਐਜੂਕੇਸ਼ਨ ਪ੍ਰਮੋਸ਼ਨ ਸੁਸਾਇਟੀ ਫ਼ਾਰ ਇੰਡੀਆ ਦੇ ਉਪ ਪ੍ਰਧਾਨ, ਜੈਕ ਦੇ ਚੀਫ਼ ਪੈਟਰਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਡਾ. ਵਿਸ਼ਵਾਨਾਥਨ ਚਾਂਸਲਰ ਵੀਆਈਟੀ ਅਤੇ ਏਪੀਐੱਸਆਈ ਪ੍ਰਧਾਨ, ਜਗਜੀਤ ਸਿੰਘ ਪ੍ਰਧਾਨ ਜੈਕ ਅਤੇ ਸਕੂਲ ਅਤੇ ਬੀ.ਐੱਡ ਫੈਡਰੇਸ਼ਨ ਪ੍ਰੈਜੀਡੈਂਟ, ਜੈਕ ਦੇ ਚੇਅਰਮੈਨ ਅਤੇ ਪੁਟੀਆ ਪ੍ਰਧਾਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਜੈਕ ਦੇ ਕੋ-ਚੇਅਰਮੈਨ ਅੰਸ਼ੂ ਕਟਾਰੀਆ ਨੇ ਸ਼ਿਰਕਤ ਕੀਤੀ। ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਸਮੁੱਚੇ ਰਾਸ਼ਟਰੀ ਨੇ ਵਿਆਪਕ ਰੂਪ ਵਿੱਚ ਸਵੀਕਾਰਿਆ ਹੈੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਹੁ-ਅਨੁਸ਼ਾਸ਼ਨੀ ਸਿੱਖਿਆ ਦੇ ਮਾਡਲਾਂ ਦੇ ਰੂਪ ਵਿੱਚ ਆਈਆਈਟੀਆਈਆਈਐਮ ਦੇ ਅੱਗੇ ਬਹੁ-ਅਨੁਸ਼ਾਸਨੀ ਸਿੱਖਿਆ ਤੇ ਰਿਸਰਚ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਜਾਣਗੀਆਂ।