ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਜੂਨ
ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਈਐਸਆਈ ਹਸਪਤਾਲ ਖਰੜ ਦੀ ਬ੍ਰਾਂਚ ਮੈਨੇਜਰ ਚੰਦਰ ਮੋਹਿਨੀ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਅਧਿਕਾਰੀ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਦੇ ਡੀਐਸਪੀ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸ੍ਰੀਮਤੀ ਸੁਖਜਿੰਦਰ ਕੌਰ ਪਤਨੀ ਪੀੜਤ ਮਹਿੰਦਰ ਸਿੰਘ ਵਾਸੀ ਪਿੰਡ ਸਿੰਘਪੁਰਾ (ਕੁਰਾਲੀ) ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਪੀੜਤ ਮਹਿੰਦਰ ਸਿੰਘ ਫੋਕਲ ਪੁਆਇੰਟ ਚਨਾਲੋ (ਕੁਰਾਲੀ) ਦੀ ਇਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਕੰਮ ਕਰਦੇ ਸਮੇਂ ਡਿੱਗ ਜਾਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਜ਼ਖ਼ਮੀ ਪਤੀ ਦੀ ਖਰੜ ਦੇ ਈਐਸਆਈ ਹਸਪਤਾਲ ਵਿੱਚ ਰਜਿਸਟਰੇਸ਼ਨ ਹੋਈ ਸੀ ਅਤੇ ਡਾਕਟਰਾਂ ਦੀ ਸਲਾਹ ’ਤੇ ਜਦੋਂ ਤੱਕ ਉਸ ਦਾ ਪਤੀ ਕੰਮ ਕਰਨ ਦੇ ਸਮਰੱਥ ਨਹੀਂ ਹੁੰਦਾ ਉਸ ਸਮੇਂ ਤੱਕ ਸਰਕਾਰ ਦੇ ਨਿਰਧਾਰਿਤ ਰੇਟਾਂ ਅਨੁਸਾਰ ਪੀੜਤ ਨੂੰ ਤਨਖ਼ਾਹ ਦਿੱਤੀ ਜਾਂਦੀ ਹੈ। ਜ਼ਖ਼ਮੀ ਮਹਿੰਦਰ ਸਿੰਘ ਨੂੰ ਅਪਰੈਲ ਅਤੇ ਮਈ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ ਤਾਂ ਪੀੜਤ ਦੀ ਪਤਨੀ ਨੇ ਜਦੋਂ ਈਐਸਆਈ ਪਹੁੰਚ ਕੇ ਪਤਾ ਕੀਤਾ। ਇਸ ’ਤੇ ਬ੍ਰਾਂਚ ਮੈਨੇਜਰ ਸ੍ਰੀਮਤੀ ਚੰਦਰ ਮੋਹਿਨੀ ਨੇ 10 ਹਜ਼ਾਰ ਰੁਪਏ ਰਿਸ਼ਵਤ ਮੰਗੀ। ਵਿਜੀਲੈਂਸ ਨੇ ਅੱਜ ਬ੍ਰਾਂਚ ਮੈਨੇਜਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।