ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 12 ਅਗਸਤ
ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਦੇ ਆਸਪਾਸ ਆਪਣੇ ਸੁਫ਼ਨਿਆਂ ਦੇ ਘਰ ਲਈ ਉਮਰ-ਭਰ ਦੀ ਜਮ੍ਹਾ-ਪੂੰਜੀ ਖ਼ਰਚ ਕਰਨ ਦੇ ਬਾਵਜੂਦ ਐਰੋਸਿਟੀ ਦੇ ਬਾਸ਼ਿੰਦੇ ਨਰਕ ਭੋਗਣ ਲਈ ਮਜਬੂਰ ਹਨ। ਐਰੋਸਿਟੀ ਬਲਾਕਾਂ ਵਿੱਚ ਰਹਿੰਦੇ ਲੋਕਾਂ ਨੂੰ ਲੋੜ ਅਨੁਸਾਰ ਨਾ ਬਿਜਲੀ ਅਤੇ ਨਾ ਹੀ ਪਾਣੀ ਦੀ ਸਹੂਲਤ ਮਿਲ ਰਹੀ ਹੈ ਜਿਸ ਕਾਰਨ ਪੀੜਤ ਲੋਕ ਹੁਣ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਸੜਕਾਂ ’ਤੇ ਆਉਣ ਲਈ ਮਜਬੂਰ ਹੋ ਰਹੇ ਹਨ।
ਐਰੋਸਿਟੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਆਰਐੱਲ ਗਰੋਵਰ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਐਨਕੇ ਲੂਨਾ, ਲਖਵਿੰਦਰ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਸ਼ਨਿੱਚਰਵਾਰ ਅਤੇ ਐਤਵਾਰ ਨੂੰ 24 ਘੰਟੇ ਬਿਜਲੀ ਬੰਦ ਰਹੀ। ਬਿਜਲੀ ਨਾ ਆਉਣ ਕਾਰਨ ਇਸ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਅਕਸਰ ਪ੍ਰਭਾਵਿਤ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੰਗ ਆ ਕੇ ਲੋਕ ਲੜੀਵਾਰ ਧਰਨਾ ਸ਼ੁਰੂ ਕਰਨ ਜਾ ਰਹੇ ਹਨ। ਇਸ ਸਬੰਧੀ ਭਲਕੇ 13 ਅਗਸਤ ਨੂੰ ਐਰੋਸਿਟੀ ਦੇ ਵਸਨੀਕਾਂ ਦਾ ਵਫ਼ਦ ਐੱਸਐੱਸਪੀ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਏਅਰਪੋਰਟ ਸੜਕ ਜਾਮ ਕਰਨ ਲਈ ਅਗਾਊਂ ਪ੍ਰਵਾਨਗੀ ਮੰਗੀ ਜਾਵੇਗੀ।
ਆਰਐਲ ਗਰੋਵਰ ਨੇ ਦੱਸਿਆ ਕਿ ਐਰੋਸਿਟੀ ਦੇ ਵੱਖ-ਵੱਖ ਬਲਾਕਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਹ ਸੋਚ ਕੇ ਆਪਣੇ ਸੁਫ਼ਨਿਆਂ ਦੇ ਘਰ ਬਣਾਏ ਸਨ ਕਿ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਨੇੜੇ ਹੋਣ ਕਰਕੇ ਇੱਥੇ ਲੋਕਾਂ ਨੂੰ ਉਹ ਸਾਰੀਆਂ ਬੁਨਿਆਦੀ ਸਹੂਲਤਾਂ ਮਿਲਣਗੀਆਂ, ਜੋ ਆਮ ਵਿਅਕਤੀ ਨੂੰ ਚਾਹੀਦੀਆਂ ਹੁੰਦੀਆਂ ਹਨ ਪਰ ਸਾਰਾ ਕੁੱਝ ਇਸ ਦੇ ਉਲਟ ਹੋਇਆ। ਉਨ੍ਹਾਂ ਕਿਹਾ ਕਿ ਨੇੜਲੇ ਪਿੰਡਾਂ ਵਿੱਚ ਤਾਂ ਬਿਜਲੀ ਹੁੰਦੀ ਹੈ ਪਰ ਐਰੋਸਿਟੀ ਵਿੱਚ ਗੁੱਲ ਰਹਿੰਦੀ ਹੈ।
ਸੀਵਰੇਜ ਸਿਸਟਮ ਦਾ ਵੀ ਬੁਰਾ ਹਾਲ
ਐਰੋਸਿਟੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਆਰਐੱਲ ਗਰੋਵਰ ਨੇ ਦੱਸਿਆ ਕਿ ਇੱਥੇ ਸੀਵਰੇਜ ਦੀ ਵੀ ਵੱਡੀ ਸਮੱਸਿਆ ਹੈ। ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਤਾਂ ਹੈ ਪਰ ਹਾਲੇ ਤੱਕ ਚਾਲੂ ਨਹੀਂ ਕੀਤਾ ਗਿਆ ਜਿਸ ਕਾਰਨ ਕਈ ਵਾਰ ਸੀਵਰੇਜ ਦਾ ਗੰਦਾ ਪਾਣੀ ਬੈਕ ਮਾਰਦਾ ਹੈ।