ਸ਼ਸ਼ੀ ਪਾਲ ਜੈਨ
ਖਰੜ, 19 ਜੂਨ
ਸਥਾਨਕ ਨਗਰ ਕੌਸਲ ਦੇ ਮੈਂਬਰਾਂ ਦੀ ਆਪਸੀ ਧੜੇਬਾਜ਼ੀ ਅਤੇ ਖਿੱਚੋਤਾਣ ਨਾਲ ਸ਼ਹਿਰ ਵਿੱਚ ਵਿਕਾਸ ਦੇ ਕੰਮ ਠੱਪ ਜਿਹੇ ਹੋ ਗਏ ਹਨ ਦੂਜੇ ਪਾਸੇ ਇਹ ਹਾਲਾਤ ਹੈ ਕਿ ਖਰੜ ਨਗਰ ਕੌਂਸਲ ਦੇ ਉਪ ਪ੍ਰਧਾਨ ਅਤੇ ਜੂਨੀਅਰ ਉਪ ਪ੍ਰਧਾਨ ਦੀ ਆਸਾਮੀ ਨੂੰ ਖਾਲੀ ਪਏ ਹੋਏ ਦੋ ਸਾਲ ਬੀਤੇ ਚੁੱਕੇ ਹਨ ਅਤੇ ਅਜੇ ਵੀ ਪਤਾ ਨਹੀਂ ਇਹ ਚੋਣ ਕਦੋਂ ਹੋਵੇਗੀ। ਜ਼ਿਕਰਯੋਗ ਹੈ ਕਿ ਖਰੜ ਨਗਰ ਕੌਸਲ ਦੇ ਪ੍ਰਧਾਨ , ਉਪ ਪ੍ਰਧਾਨ ਅਤੇ ਜੂਨੀਅਰ ਉਪ ਪ੍ਰਧਾਨ ਦੀ ਚੋਣ 17 ਜੂਨ ਨੂੰ ਹੋਈ ਸੀ। ਇਸ ਵਿੱਚ ਜਸਪ੍ਰੀਤ ਕੌਰ ਲੌਂਗੀਆਂ ਪ੍ਰਧਾਨ, ਗੁਰਦੀਪ ਕੌਰ ਉਪ ਪ੍ਰਧਾਨ ਅਤੇ ਜਸਵੀਰ ਰਾਣਾ ਜੂਨੀਅਰ ਉਪ ਪ੍ਰਧਾਨ ਚੁਣੇ ਗਏ ਸਨ। ਉਪ ਪ੍ਰਧਾਨ ਅਤੇ ਜੁਨੀਅਰ ਉਪ ਪ੍ਰਧਾਨ ਦੀ ਆਸਾਮੀ ਦੀ ਮਿਆਦ 1 ਸਾਲ ਹੁੰਦੀ ਹੈ। ਇਸ ਤਰੀਕੇ ਨਾਲ ਇਹ ਦੋਨਾਂ ਦੀ ਟਰਮ 17 ਜੂਨ 2022 ਨੂੰ ਸਮਾਪਤ ਹੋ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਦੋਨੋਂ ਆਸਾਮੀਆਂ ਖਾਲੀ ਪਈਆਂ ਹਨ। ਸਥਾਨਕ ਨਗਰ ਕੌਂਸਲ ਦੇ ਇਸ ਸਮੇਂ ਕੁੱਲ 26 ਮੌਜੂਦਾ ਮੈਂਬਰ ਹਨ ਅਤੇ ਇੱਕ ਵਾਰਡ ਵਿੱਚ ਅਜੇ ਚੋਣ ਹੋਣੀ ਹੈ। ਦੋ ਵਿਧਾਇਕ ਜੋ ਖਰੜ ਨਗਰ ਕੌਂਸਲ ਦੇ ਮੈਂਬਰ ਹਨ ਉਹ ਵੀ ‘ਆਪ’ ਦੇ ਹਨ। ਮੌਜੂਦਾ ਪ੍ਰਧਾਨ ਸ਼੍ਰੋਮਣੀ ਆਕਾਲੀ ਦਲ ਨਾਲ ਸਬੰਧਤ ਹੈ ਪਰ ਉਸ ਕੋਲ ਇਸ ਸਮੇਂ ਨਗਰ ਕੌਂਸਲ ਦੇ ਮੈਂਬਰਾਂ ਦਾ ਬਹੁਮਤ ਨਹੀਂ ਹੈ। ਮੈਂਬਰਾਂ ਦਾ ਬਹੁਮਤ ਮੌਜੂਦਾ ਹਾਕਮ ਸਰਕਾਰ ਭਾਵ ‘ਆਪ’ ਕੋਲ ਹੈ।