ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਕਤੂਬਰ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦੀਵਾਲੀ ਦਾ ਤਿਉਹਾਰ ਕਾਰਨ ਸੜਕਾਂ ’ਤੇ ਰੌਣਕਾਂ ਲੱਗੀਆਂ ਪਈਆਂ ਹਨ ਅਤੇ ਹਰ ਪਾਸੇ ਜਾਮ ਵਰਗੇ ਹਾਲਾਤ ਬਣੇ ਹੋਏ ਹਨ।
ਦੀਵਾਲੀ ਤੋਂ ਪਹਿਲਾਂ ਹੀ ਸ਼ਹਿਰ ਦੀ ਆਬੋ-ਹਵਾ ਵੀ ਖਰਾਬ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਏਅਰ ਕੁਆਲਿਟੀ ਇੰਡੈਕਸ ਮਾੜਾ ਦੱਸਿਆ ਜਾ ਰਿਹਾ ਹੈ, ਜਦੋਂ ਕਿ ਸ਼ੁੱਕਰਵਾਰ ਨੂੰ ਸ਼ਹਿਰ ਦੇ ਹਾਲਾਤ ਹੋਰ ਮਾੜੇ ਦਰਜ ਕੀਤੇ ਗਏ ਹਨ। ਚੰਡੀਗੜ੍ਹ ਦੇ ਸੈਕਟਰ-22 ਸਥਿਤ ਹਵਾ ਗੁਣਵੱਤਾ ਨਿਗਰਾਨ ਸਟੇਸ਼ਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸ਼ਨਿੱਚਰਵਾਰ ਨੂੰ ਸ਼ਹਿਰ ਦਾ ਏਕਿਊਆਈ 238 ਦਰਜ ਕੀਤਾ ਹੈ, ਜਦੋਂ ਕਿ ਇਕ ਦਿਨ ਪਹਿਲਾ ਸ਼ੁੱਕਰਵਾਰ ਨੂੰ ਏਕਿਊਆਈ 301 ’ਤੇ ਪਹੁੰਚ ਗਿਆ ਸੀ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਇਸ ਨੂੰ ਸੰਤਰੀ ਜ਼ੋਨ ਵਿੱਚ ਰੱਖਿਆ ਗਿਆ ਹੈ, ਜੋ ਕਿ ਸਿਹਤ ਲਈ ਬਹੁਤ ਘਾਤਕ ਹੈ। ਇਸੇ ਤਰ੍ਹਾਂ ਸੈਕਟਰ-17 ਸਥਿਤ ਮਾਨੀਟਰਿੰਗ ਸਟੇਸ਼ਨ ਅਨੁਸਾਰ ਵੀ ਪ੍ਰਦੂਸ਼ਣ ਦੀ ਮਾਤਰਾ 200 ਤੋਂ ਵੱਧ ਦਰਜ ਕੀਤੀ ਗਈ ਹੈ। ਹਾਲਾਂਕਿ ਸ਼ਹਿਰ ਦੇ ਬਾਹਰੀ ਖੇਤਰ ’ਚ ਸਥਿਤ ਸੈਕਟਰ-25 ਨਿਗਰਾਨ ਸਟੇਸ਼ਨ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਏਕਿਉਆਈ ਲੈਵਲ 110 ਦਰਜ ਕੀਤਾ ਹੈ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਅਨੁਸਾਰ ਤਿਉਹਾਰਾਂ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਵੱਡੀ ਗਿਣਤੀ ਵਿੱਚ ਵਾਹਨ ਦੌੜ ਰਹੇ ਹਨ, ਜਿਸ ਕਾਰਨ ਹਵਾ ਪ੍ਰਦੂਸ਼ਣ ਵੱਧ ਗਿਆ ਹੈ। ਯੂਟੀ ਪ੍ਰਸ਼ਾਸਨ ਵੱਲੋਂ ਦੋ ਸਾਲਾਂ ਬਾਅਦ ਸ਼ਹਿਰ ਵਿੱਚ ਦੋ ਘੰਟੇ ਪਟਾਕੇ ਚਲਾਉਣ ਲਈ ਪ੍ਰਵਾਨਗੀ ਦਿੱਤੀ ਹੈ, ਜਿਸ ਕਰਕੇ ਸ਼ਹਿਰ ਦੀ ਆਬੋ-ਹਵਾ ਹੋਰ ਖਰਾਬ ਹੋ ਸਕਦੀ ਹੈ। ਇਸ ਨਾਲ ਸਾਹ ਦੇ ਮਰੀਜ਼ਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।