ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 1 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਪੁਆਧ ਇਲਾਕਾ (ਮੁਹਾਲੀ) ਦੇ ਸਹਿਯੋਗ ਨਾਲ ਸ਼ੁਰੂ ਕੀਤੀ ਲੜੀਵਾਰ ਭੁੱਖ-ਹੜਤਾਲ ਐਤਵਾਰ ਨੂੰ 56ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਅੱਜ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਮੈਂਬਰ ਗੁਰਪ੍ਰੀਤ ਸਿੰਘ ਨਿਆਮੀਆਂ, ਪਰਮਜੀਤ ਕੌਰ ਲਾਂਡਰਾਂ, ਹਰਦੀਪ ਸਿੰਘ ਬਠਲਾਣਾ, ਡੀਐਸ ਸਹੋਤਾ, ਜਗਦੀਸ਼ ਸਿੰਘ ਰਾਹੀ, ਜੋਗਾ ਸਿੰਘ ਕਜਹੇੜੀ, ਹਰਜੀਤ ਸਿੰਘ ਬਠਲਾਣਾ, ਗੁਰਬਚਨ ਸਿੰਘ ਸੰਧੂ ਭੁੱਖ ਹੜਤਾਲ ’ਤੇ ਬੈਠੇ।
ਬੀਬੀ ਲਾਂਡਰਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਇਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ ਬਲਕਿ ਦੇਸ਼ ਦੇ ਹਰ ਨਾਗਰਿਕ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੀ ਲੋੜ ਹੈ।
ਇਸ ਮੌਕੇ ਕਿਸਾਨ ਆਗੂ ਜਸਬੀਰ ਸਿੰਘ ਸਿੱਧੂਪੁਰ, ਲਖਵਿੰਦਰ ਸਿੰਘ ਕਰਾਲਾ, ਮਾਨ ਸਿੰਘ ਰਾਜਪੁਰਾ, ਪਰਵਿੰਦਰ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਤਰਲੋਚਨ ਸਿੰਘ, ਨਛੱਤਰ ਸਿੰਘ ਬੈਦਵਾਨ, ਅਮਰਜੀਤ ਸਿੰਘ ਨਰੈਣ ਨੇ ਵੀ ਸ਼ਿਰਕਤ ਕੀਤੀ। ਗਾਇਕ ਭੁਪਿੰਦਰ ਮਟੌਰੀਆ ਤੇ ਜਗਦੀਸ਼ ਸਿੰਘ ਰਾਹੀ ਨੇ ਗੀਤਾਂ ਨਾਲ ਜੋਸ਼ ਭਰਿਆ। ਦੇਰ ਸ਼ਾਮ ਪੁੱਜੇ ਨਾਟਕਕਾਰ ਡਾ. ਆਤਮਜੀਤ ਸਿੰਘ ਨੇ ਹਰ ਨਾਗਰਿਕ ਨੂੰ ਕਿਸਾਨੀ ਸੰਘਰਸ਼ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਫਿਲਮੀ ਅਦਾਕਾਰ ਤੇ ਗਾਇਕਾ ਰਾਖੀ ਹੁੰਦਲ ਨੇ ਵੀ ਰੋਜ਼ਾਨਾ ਦੀ ਤਰ੍ਹਾਂ ਹਾਜ਼ਰੀ ਭਰੀ।