ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਫਰਵਰੀ
ਸਿੱਖਿਆ ਵਿਭਾਗ ਵਲੋਂ ਪ੍ਰਾਈਵੇਟ ਸਕੂਲਾਂ ਵਿੱਚ ਰਾਈਟ ਟੂ ਐਜੂਕੇਸ਼ਨ (ਆਰਟੀਈ) ਤਹਿਤ ਆਰਥਿਕ ਪੱਖੋਂ ਕਮਜ਼ੋਰ (ਈਡਬਲਿਊਐੱਸ) ਵਰਗ ਦੇ ਵਿਦਿਆਰਥੀਆਂ ਲਈ ਇਸ ਸਾਲ ਤੋਂ ਕੇਂਦਰੀਕ੍ਰਿਤ ਦਾਖਲੇ ਕੀਤੇ ਜਾ ਰਹੇ ਹਨ ਜਿਸ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਸਨ ਪਰ ਸ਼ਹਿਰ ਦੇ 11 ਸਕੂਲਾਂ ਨੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਦਾਖਲੇ ਨਹੀਂ ਕੀਤੇ ਜਿਸ ਕਾਰਨ ਸਿੱਖਿਆ ਵਿਭਾਗ ਨੇ ਇਨ੍ਹਾਂ ਸਕੂਲਾਂ ਤੋਂ ਜਵਾਬ ਮੰਗਿਆ ਹੈ। ਚੰਡੀਗੜ੍ਹ ਵਿਚ ਇਸ ਵੇਲੇ 83 ਸਕੂਲ ਹਨ ਜਿਨ੍ਹਾਂ ਵਿਚੋਂ 20 ਸਕੂਲਾਂ ਨੂੰ ਮਿਨਿਓਰਿਟੀ ਦਰਜਾ ਹਾਸਲ ਹੈ।
ਜਾਣਕਾਰੀ ਅਨੁਸਾਰ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀਆਂ ਹਦਾਇਤਾਂ ‘ਤੇ ਸਕੂਲਾਂ ਨੂੰ ਸਿਰਫ ਆਨਲਾਈਨ ਈਡਬਲਿਊਐੱਸ ਦਾਖਲੇ ਕਰਨ ਲਈ ਕਿਹਾ ਗਿਆ ਸੀ। ਇਸ ਲਈ ਸਿੱਖਿਆ ਵਿਭਾਗ ਨੇ 31 ਜਨਵਰੀ ਤਕ ਮਾਪਿਆਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਸਨ ਤੇ ਇਸ ਦੀ ਤਰੀਕ ਵਧਾ ਕੇ 16 ਫਰਵਰੀ ਕਰ ਦਿੱਤੀ ਸੀ। ਵਿਭਾਗ ਨੂੰ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਇਹ ਸਾਹਮਣੇ ਆਇਆ ਹੈ ਕਿ ਕਾਰਮਲ ਕਾਨਵੈਂਟ ਸਕੂਲ ਸੈਕਟਰ-9, ਨਿਊ ਪਬਲਿਕ ਸਕੂਲ ਸੈਕਟਰ-18, ਸੌਪਿੰਨਜ਼ ਸਕੂਲ ਸੈਕਟਰ-32, ਸੇਂਟ ਐਨਜ਼ ਸਕੂਲ ਸੈਕਟਰ-32, ਵਿਵੇਕ ਹਾਈ ਸਕੂਲ ਸੈਕਟਰ-38, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੈਕਟਰ 38, ਕਿਡਜ਼ ਆਰ ਕਿਡਜ਼ ਸੈਕਟਰ-42, ਥ੍ਰੀ ਬੀਆਰ ਡੀ ਦਾ ਸਕੂਲ, ਸੇਂਟ ਜੋਸਫ ਸਕੂਲ ਸੈਕਟਰ-44, ਸੇਂਟ ਜ਼ੇਵੀਅਰ ਸਕੂਲ ਸੈਕਟਰ-44 ਨੇ ਨਿਯਮਾਂ ਦਾ ਉਲੰਘਣ ਕਰ ਕੇ ਦਾਖਲੇ ਕੀਤੇ ਹਨ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਨੇ ਦਾਖਲੇ ਆਨਲਾਈਨ ਕਰਨ ਦਾ ਫੈਸਲਾ ਗਰੀਬ ਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੇ ਮਾਪਿਆਂ ਦੀ ਖੁਆਰੀ ਘਟਾਉਣ ਲਈ ਕੀਤਾ ਸੀ ਪਰ ਸਕੂਲਾਂ ਨੇ ਯੂਟੀ ਸਕੱਤਰੇਤ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ।
ਦਾਖਲਿਆਂ ਦੀ ਗਿਣਤੀ ਵਧੀ
ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਨਿਯਮਾਂ ਦਾ ਉਲੰਘਣ ਕਰਨ ਵਾਲੇ ਸਕੂਲਾਂ ਤੋਂ ਜਵਾਬ ਮੰਗਿਆ ਗਿਆ ਹੈ ਅਤੇ ਵਿਭਾਗ ਵਲੋਂ ਆਨਲਾਈਨ ਪ੍ਰਕਿਰਿਆ ਕਾਰਨ ਇਸ ਸਾਲ ਈਡਬਲਿਊਐੱਸ ਵਿਦਿਆਰਥੀਆਂ ਦੀ ਗਿਣਤੀ 233 ਹੋਰ ਵਧੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਾਖਲੇ ਲਈ ਹਰ ਸਕੂਲ ਵਿਚ ਜਾ ਕੇ ਅਪਲਾਈ ਕਰਨਾ ਪੈਂਦਾ ਸੀ ਤੇ ਸਕੂਲ ਮਾਪਿਆਂ ਨੂੰ ਖਾਲੀ ਸੀਟਾਂ ਬਾਰੇ ਸਹੀ ਜਾਣਕਾਰੀ ਨਾ ਦੇ ਕੇ ਗੁਮਰਾਹ ਕਰਦੇ ਸਨ। ਸਿੱਖਿਆ ਵਿਭਾਗ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਪ੍ਰਾਈਵੇਟ ਸਕੂਲਾਂ ਵਾਲੇ ਈਡਬਲਿਊਐਸ ਵਿਦਿਆਰਥੀਆਂ ਸਬੰਧੀ ਠੀਕ ਵੇਰਵੇ ਨਹੀਂ ਦਿੰਦੇ ਤੇ ਇਨ੍ਹਾਂ ਸਕੂਲਾਂ ਵਿੱਚ ਸਿਰਫ ਐਂਟਰੀ ਜਮਾਤਾਂ ਵਿਚ ਹੀ ਆਰਟੀਈ ਤਹਿਤ 25 ਫੀਸਦੀ ਕੋਟੇ ਨੂੰ ਲਾਗੂ ਕੀਤਾ ਜਾਂਦਾ ਹੈ ਜਦਕਿ ਉਸ ਤੋਂ ਬਾਅਦ ਦੀਆਂ ਜਮਾਤਾਂ ਵਿੱਚ ਖਾਲੀ ਸੀਟਾਂ ਦੀ ਜਾਣਕਾਰੀ ਸਕੂਲ ਆਪਣੀ ਵੈੱਬਸਾਈਟ ਜਾਂ ਨੋਟਿਸ ਬੋਰਡ ‘ਤੇ ਖਾਲੀ ਸੀਟਾਂ ਬਾਰੇ ਦੱਸਿਆ ਜਾਂਦਾ ਹੈ।