ਪੱਤਰ ਪ੍ਰੇਰਕ
ਬਨੂੜ, 29 ਅਕਤੂਬਰ
ਸਾਬਕਾ ਸੈਨਿਕ ਵੈੱਲਫ਼ੇਅਰ ਕਮੇਟੀ ਦੀ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਇੱਥੋਂ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਬਨੂੜ ਅਤੇ ਕੈਪਟਨ ਬੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿੱਥੇ ਸਾਬਕਾ ਸੈਨਿਕਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮੀਟਿੰਗ ’ਚ ਪ੍ਰੇਮ ਸਿੰਘ ਬਨੂੜ, ਕੈਪਟਨ ਬੰਤ ਸਿੰਘ ਅਤੇ ਕੈਪਟਨ ਅਮਰਜੀਤ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇੱਕ ਰੈਂਕ ਇੱਕ ਪੈਨਸ਼ਨ ਦੇਣ ਮੌਕੇ ਸਾਬਕਾ ਸੈਨਿਕਾਂ ਨਾਲ ਕੀਤੇ ਗਏ ਭੇਦਭਾਵ ਦੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਨੂੰ ਇਕੱਠੇ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਵੱਡਾ ਸੰਘਰਸ਼ ਛੇੜਨ ਦੀ ਲੋੜ ਹੈ ਤਾਂ ਜੋ ਸਾਬਕਾ ਸੈਨਿਕਾਂ ਦੀਆਂ ਮੰਗਾਂ ਨੂੰ ਪੂਰਾ ਕਰਾਇਆ ਜਾ ਸਕੇ।
ਸਾਬਕਾ ਸੈਨਿਕਾਂ ਨੇ ਇਸ ਮੌਕੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਝੋਨੇ ਦੀ ਫਸਲ ਦੀ ਖ਼ਰੀਦ ਅਤੇ ਲਿਫਟਿੰਗ ਨਾ ਕਰਨ ਤੇ ਨਿਖੇਧੀ ਕਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਹਰ ਸੰਘਰਸ਼ ਦੀ ਪੂਰਨ ਤੌਰ ਤੇ ਹਮਾਇਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਸੂਬੇਦਾਰ ਅਮਰਜੀਤ ਸਿੰਘ, ਸੂਬੇਦਾਰ ਮੇਜਰ ਰਣਜੀਤ ਸਿੰਘ, ਜਰਨੈਲ ਸਿੰਘ, ਰਾਮ ਸਿੰਘ ਮਨੌਲੀ ਸੂਰਤ, ਦਰਬਾਰਾ ਸਿੰਘ ਐਡਵੋਕੇਟ ਚੰਡੀਗੜ੍ਹ ਤੋਂ ਇਲਾਵਾ ਹੋਰ ਬਹੁਤ ਸਾਰੇ ਅਹੁਦੇਦਾਰ ਹਾਜ਼ਰ ਸਨ।