ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 6 ਨਵੰਬਰ
ਛੱਠ ਪੂਜਾ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਦੇ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਪੰਜ ਤੋਂ ਅੱਠ ਨਵੰਬਰ ਸਵੇਰ ਤੱਕ ਛੱਠ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤਿਉਹਾਰ ਲਈ ਚੰਡੀਗੜ੍ਹ ਸਣੇ ਟ੍ਰਾਈਸਿਟੀ ਵਿੱਚ ਰਹਿੰਦੇ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਵਿੱਚ ਖ਼ਾਸ ਉਤਸ਼ਾਹ ਹੁੰਦਾ ਹੈ। ਪ੍ਰਸ਼ਾਸਨ ਵੱਲੋਂ ਇੱਥੇ ਸੈਕਟਰ-42 ਸਥਿਤ ਨਿਊ ਲੇਕ ਵਿੱਚ ਛੱਠ ਪੂਜਾ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਇੱਥੇ ਲੇਕ ਦੁਆਲੇ ਦੀ ਸਫ਼ਾਈ ਸਣੇ ਲੇਕ ਵਿੱਚ ਸਵੱਛ ਪਾਣੀ ਭਰਿਆ ਗਿਆ ਹੈ ਤਾਂ ਕਿ ਆਪਣੀ ਰਵਾਇਤ ਅਨੁਸਾਰ ਲੋਕ ਪੂਜਾ ਕਰ ਸਕਣ। ਟ੍ਰਾਈਸਿਟੀ ’ਚ ਵਿੱਚ ਲੋਕ ਸ਼ਰਧਾ ਮੁਤਾਬਕ ਫਲਾਂ ਆਦਿ ਦੀ ਖ਼ਰੀਦਦਾਰੀ ਕਰ ਰਹੇ ਹਨ।
ਸੈਕਟਰ-42 ਦੇ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਖ਼ੁਦ ਇੱਥੇ ਇੰਤਜ਼ਾਮ ਦੇ ਮੁਆਇਨਾ ਕੀਤਾ। ਲੇਕ ਨੂੰ ਰੰਗੀਨ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ। ਅੱਜ ਵੀ ਉਨ੍ਹਾਂ ਨੇ ਇੱਥੇ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਇੰਤਜ਼ਾਮਾਂ ਦਾ ਮੁਆਇਨਾ ਕੀਤਾ ਅਤੇ ਪ੍ਰਬੰਧਾਂ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਇੱਥੇ ਕੀਤੇ ਇੰਤਜ਼ਾਮਾਂ ਵਿੱਚ ਛੱਠ ਪੂਜਾ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਉਚੇਚੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਸਮੁੱਚੇ ਲੋਕਾਂ ਨੂੰ ਛੱਠ ਪੂਜਾ ਦੀ ਵਧਾਈ ਦਿੱਤੀ। ਪੰਜ ਨਵੰਬਰ ਨੂੰ ਖਾਓ ਤੇ ਨਹਾਓ ਨਾਲ ਸ਼ੁਰੂ ਹੋਏ ਇਸ ਛੱਠ ਪੂਜਾ ਦੀ ਤਿਉਹਾਰ ਦੇ ਅੰਤਿਮ ਦਿਨ 8 ਨਵੰਬਰ ਨੂੰ ਚੜ੍ਹਦੇ ਸੂਰਜ ਦੀ ਪੂਜਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇੱਥੇ ਮੌਲੀ ਜਗਰਾਂ ਸਣੇ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਛੱਠ ਪੂਜਾ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।