ਖੇਤਰੀ ਪ੍ਰਤੀਨਿਧ
ਚੰਡੀਗ੍ਹੜ, 25 ਦਸੰਬਰ
ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਸਰੋਤ ਪੱਧਰ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖਰਾ ਇਕੱਤਰ ਕਰਨ ਲਈ ਲਾਗੂ ਕੀਤੀ ਯੋਜਨਾ ਨੂੰ ਸ਼ਹਿਰ ਦੇ ਬਾਕੀ ਖੇਤਰਾਂ ਵਿੱਚ ਵੀ ਸ਼ੁਰੂ ਕਰ ਦਿੱਤਾ ਹੈ। ਨਿਗਮ ਵੱਲੋਂ ਇਸ ਯੋਜਨਾ ਵਿੱਚ ਸ਼ਹਿਰ ਦੇ 26 ਖੇਤਰ ਸ਼ਾਮਲ ਕੀਤੇ ਜਾਣਗੇ। ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਸ ਸਹੂਲਤ ਨੂੰ ਸ਼ਹਿਰ ਦੇ ਪਿੰਡਾਂ, ਕੁਝ ਸੈਕਟਰਾਂ ਅਤੇ ਮਨੀਮਾਜਰਾ ਦੇ ਖੇਤਰਾਂ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਤੰਗ ਗਲੀਆਂ ਤੋਂ ਕੂੜਾ ਇਕੱਠਾ ਕਰਨ ਲਈ ਗੈਰ-ਮਸ਼ੀਨੀਕਰਨ (ਰੇਹੜੀਆਂ) ਤੋਂ ਇਲਾਵਾ ਇਨ੍ਹਾਂ ਖੇਤਰਾਂ ਲਈ 80 ਤੋਂ ਵੱਧ ਕੂੜਾ ਇਕੱਠਾ ਕਰਨ ਵਾਲੇ ਵਾਹਨ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਸ਼ੁਰੂ ਕੀਤੀ ਗਈ ਯੋਜਨਾ ਨੂੰ ਪਿੰਡ ਬੁੜੈਲ, ਹੱਲੋਮਾਜਰਾ, ਆਦਰਸ਼ ਕਲੋਨੀ, ਬੁਟੇਰਲਾ, ਮਲੋਆ, ਇੰਡਸਟਰੀਅਲ ਏਰੀਆ ਫੇਜ਼ 2, ਸੈਕਟਰ 42, 52 ਅਤੇ ਹੋਰ ਖੇਤਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਨਿਗਮ ਕਮਿਸ਼ਨਰ ਨੇ ਕਿਹਾ ਕਿ ਇਸ ਯੋਜਨਾ ਨਾਲ ਜਿਥੇ ਨਾਗਰਿਕਾਂ ਨੂੰ ਸਹੂਲਤ ਮਿਲੇਗੀ, ਉਥੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ, ਕੂੜੇ ਦੇ ਨਿਪਟਾਰੇ ਅਤੇ ਸਰੋਤ ਪੱਧਰ ਤੋਂ ਹੀ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖਰਾ ਇਕੱਤਰ ਕਰਨ ਦੀ ਆਦਤ ਨੂੰ ਹੁਲਾਰਾ ਮਿਲੇਗਾ।