ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 26 ਅਗਸਤ
ਮੁਹਾਲੀ ਨਗਰ ਨਿਗਮ ਦੇ ਇਕ ਕਰਮਚਾਰੀ ਨੂੰ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਪੰਗਾ ਪੈਣਾ ਮਹਿੰਗਾ ਪੈ ਗਿਆ ਹੈ। ਨਗਰ ਨਿਗਮ ਨੇ ਅੱਜ ਫੈਸਲਾ ਲੈਂਦਿਆਂ ਬਹੁ-ਚਰਚਿਤ ਇੰਸਪੈਕਟਰ ਕੇਸਰ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਮੁਅੱਤਲੀ ਅਧੀਨ ਚੱਲ ਰਿਹਾ ਸੀ। ਇਹ ਫੈਸਲਾ ਅੱਜ ਬਾਅਦ ਦੁਪਹਿਰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਲਿਆ ਗਿਆ।
ਇਸ ਸਬੰਧੀ ਤਿੰਨ ਕੌਂਸਲਰਾਂ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਜਸਬੀਰ ਸਿੰਘ ਮਣਕੂ ਤੇ ਬਲਜੀਤ ਕੌਰ ’ਤੇ ਆਧਾਰਤ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਨੇ ਮੁੱਢਲੀ ਪੜਤਾਲ ਤੋਂ ਬਾਅਦ ਆਪਣੀ ਰਿਪੋਰਟ ਵਿੱਚ ਕੇਸਰ ਸਿੰਘ ਵਿਰੁੱਧ ਸਹੀ ਢੰਗ ਨਾਲ ਡਿਊਟੀ ਨਾ ਕਰਨ ਤੇ ਸਿਹਤ ਮੰਤਰੀ ਨਾਲ ਬਦਸਲੂਕੀ ਕਰਨ ਦੀ ਪੁਸ਼ਟੀ ਕੀਤੀ ਹੈ। ਸ਼ਹਿਰ ਵਿੱਚ ਲਾਵਾਰਿਸ ਤੇ ਪਾਲਤੂ ਪਸ਼ੂਆਂ ਨੂੰ ਫੜਨ ਮੌਕੇ ਕੈਬਿਨਟ ਮੰਤਰੀ ਤੇ ਉਕਤ ਕਰਮਚਾਰੀ ਵਿਚਾਲੇ ਬਦਕਲਾਮੀ ਹੋਈ ਸੀ। ਮੰਤਰੀ ਨੇ ਕਰਮਚਾਰੀ ’ਤੇ ਫੜੇ ਹੋਏ ਪਸ਼ੂ ਛੱਡਣ ਦਾ ਦੋਸ਼ ਲਾਇਆ ਸੀ ਜਦੋਂਕਿ ਕਰਮਚਾਰੀ ਵੱਲੋਂ ਮੰਤਰੀ ’ਤੇ ਪਸ਼ੂ ਛੁਡਾਉਣ ਦੇ ਦੋਸ਼ ਲਾਏ ਸੀ।
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਮਾਤਾ ਰਾਜਿੰਦਰ ਕੌਰ ਬੇਦੀ ਤੇ ਕੌਂਸਲਰ ਚਰਨ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਦੀ ਮੌਤ ’ਤੇ ਅਫਸੋਸ ਪ੍ਰਗਟ ਕੀਤਾ। ਮੀਟਿੰਗ ਵਿੱਚ ਟੇਬਲ ਏਜੰਡਾ ਆਈਟਮ ਰਾਹੀਂ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਸਮੇਤ ਸਮੂਹ ਕੌਂਸਲਰਾਂ ਦੀ ਤਨਖ਼ਾਹ ’ਚ ਵਾਧਾ ਕਰਨ ਦਾ ਮਤਾ ਪਾਸ ਕੀਤਾ ਗਿਆ। ਪਹਿਲਾਂ ਕੌਂਸਲਰਾਂ ਨੂੰ 15 ਹਜ਼ਾਰ ਰੁਪਏ ਤਨਖ਼ਾਹ ਤੇ ਦੋ ਹਜ਼ਾਰ ਵੱਖਰੇ ਤੌਰ ’ਤੇ ਅਲਾਊਂਸ ਮਿਲਦਾ ਸੀ ਹੁਣ 10 ਹਜ਼ਾਰ ਹੋਰ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਾਇਲਟ ਬਲਾਕਾਂ (ਪਬਲਿਕ ਪਖਾਨੇ) ਦੇ ਰੱਖ-ਰਖਾਓ ਨਾਲ ਸਬੰਧਤ ਮਤੇ ਵੀ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਨ੍ਹਾਂ ਵਿੱਚ ਟੈਂਡਰ ਨਾ ਹੋਣ ਕਾਰਨ ਪਿਛਲੇ ਠੇਕੇਦਾਰਾਂ ਨੂੰ ਹੀ ਫਿਰ ਤੋਂ ਪਹਿਲੀਆਂ ਸ਼ਰਤਾਂ ਮੁਤਾਬਕ ਥੋੜ੍ਹੇ ਸਮੇਂ ਲਈ ਕੰਮ ਦਿੱਤਾ ਗਿਆ ਹੈ।
ਉਧਰ, ਵਿਰੋਧੀ ਧਿਰ ਦੇ ਕੌਂਸਲਰਾਂ ਨੇ ਉਨ੍ਹਾਂ ਦੇ ਵਾਰਡਾਂ ਨਾਲ ਸਬੰਧਤ ਵਿਕਾਸ ਕੰਮਾਂ ਵਿੱਚ ਪੱਖਪਾਤ ਕਰਨ ਦਾ ਦੋਸ਼ ਲਾਇਆ। ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਪਬਲਿਕ ਪਖਾਨਿਆਂ ਦੇ ਠੇਕੇਦਾਰ ਦੇ ਕੰਮ ਦੀ ਨਜਰਸਾਨੀ ਕਰਨ ਤੇ ਸਫ਼ਾਈ ਵਿਵਸਥਾ ’ਤੇ ਜ਼ੋਰ ਦਿੱਤਾ। ਸੁਖਦੇਵ ਸਿੰਘ ਪਟਵਾਰੀ ਨੇ ਖੱਡੇ ਨਾ ਭਰਨ ਤੇ ਬੰਦ ਸੀਵਰੇਜ ਦਾ ਮੁੱਦਾ ਚੁੱਕਦਿਆਂ ਨਿਗਮ ਅਧਿਕਾਰੀਆਂ ’ਤੇ ਅਣਦੇਖੀ ਦਾ ਦੋਸ਼ ਲਾਇਆ। ਰਾਜਬੀਰ ਕੌਰ ਗਿੱਲ ਨੇ ਟਰੀ ਪਰੂਨਿੰਗ ਮਸ਼ੀਨ ਮੁਹੱਈਆ ਨਾ ਕਰਵਾਉਣ ਤੇ ਸੀਵਰੇਜ ਪਾਉਣ ਲਈ ਫੇਜ਼-11 ਬਾਵਾ ਵਾਈਟ ਹਾਊਸ ਤੋਂ ਸ਼ਾਹੀਮਾਜਰਾ ਤੱਕ ਪੁੱਟੀ ਮੁੱਖ ਸੜਕ ਦੀ ਮੁਰੰਮਤ ਨਾ ਹੋਣ ਦਾ ਮੁੱਦਾ ਵੀ ਚੁੱਕਿਆ। ਗੁਰਮੀਤ ਕੌਰ ਸੈਣੀ ਨੇ ਕਿਹਾ ਕਿ ਪੁਰਾਣਾ ਡੀਸੀ ਦਫ਼ਤਰ ਰਿਹਾਇਸ਼ੀ ਬਲਾਕ ਵਿੱਚ ਹੋਣ ਵਾਲੇ ਵਿਕਾਸ ਕੰਮ ਹਾਊਸ ਵਿੱਚ ਪਾਸ ਹੋਣ ਅਤੇ ਵਰਕ ਆਰਡਰ ਜਾਰੀ ਹੋਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਕੀਤੇ ਜਾ ਰਹੇ ਹਨ। ਰਮਨਪ੍ਰੀਤ ਕੌਰ ਕੁੰਭੜਾ ਨੇ ਵੀ ਵਿਕਾਸ ਕੰਮਾਂ ਵਿੱਚ ਪੱਖਪਾਤ ਕਰਨ ਦਾ ਦੋਸ਼ ਲਾਇਆ।
ਪੱਖਪਾਤ ਕਰਨ ਸਾਰੇ ਦੋਸ਼ ਬੇਬੁਨਿਆਦ ਕਰਾਰ
ਮੇਅਰ ਜੀਤੀ ਸਿੱਧੂ ਨੇ ਵਿਰੋਧੀ ਧਿਰ ਵੱਲੋਂ ਵਿਕਾਸ ਕੰਮਾਂ ਵਿੱਚ ਪੱਖਪਾਤ ਕਰਨ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਤੇ ਮਨਘੜਤ ਦੱਸਦਿਆਂ ਕਿਹਾ ਕਿ ਸਮੁੱਚੇ ਸ਼ਹਿਰ ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਸ਼ੇਸ਼ ਵਾਰਡ ਵਿੱਚ ਅਧਿਕਾਰੀ, ਕਰਮਚਾਰੀ ਜਾਂ ਠੇਕੇਦਾਰ ਪੱਧਰ ’ਤੇ ਕੋਈ ਅਣਦੇਖੀ ਹੋਈ ਹੈ ਤਾਂ ਸਬੰਧਤ ਦੀ ਜਵਾਬਤਲਬੀ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਵਿਰੋਧੀ ਧਿਰ ਵੱਲੋਂ ਦੱਸੀਆਂ ਸਾਰੀਆਂ ਸਮੱਸਿਆਵਾਂ ਦਾ ਹਫ਼ਤੇ ਦੇ ਅੰਦਰ ਹੱਲ ਕਰ ਦਿੱਤਾ ਜਾਵੇਗਾ ਤੇ ਅਗਲੀ ਮੀਟਿੰਗ ਵਿੱਚ ਵਿਰੋਧੀ ਕੌਂਸਲਰ ਨਗਰ ਨਿਗਮ ਵੱਲੋਂ ਕਰਵਾਏ ਜਾ ਰਹੇ ਕੰਮ ਦੀ ਆਪਣੇ ਮੂੰਹੋਂ ਸ਼ਲਾਘਾ ਕਰਨਗੇ।