ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਜੁਲਾਈ
ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਆਮ ਲੋਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਦਾ ਸੁਰੱਖਿਆ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਦੀ ਮਿਆਦ ਹੁਣ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਬੈਂਕ ਖਾਤਾਧਾਰਕ ਜੋ ਕਿ 18 ਤੋਂ 70 ਸਾਲ ਅਤੇ 18 ਤੋਂ 50 ਸਾਲ ਉਮਰ ਵਰਗ ਵਿੱਚ ਹੈ, ਉਹ ਇਸ ਦਾ ਲਾਭ ਹਾਸਲ ਕਰਨ ਲਈ ਆਪਣੇ ਬੈਂਕ ਵਿੱਚ ਜਾ ਕੇ ਫਾਰਮ ਭਰ ਕੇ ਲਾਭ ਲੈ ਸਕਦਾ ਹੈ। ਡੀਸੀ ਨੇ ਪੰਜਾਬ ਦੇ ਵਿੱਤ ਅਤੇ ਬੈਂਕਿੰਗ ਡਾਇਰੈਕਟੋਰੇਟ ਵੱਲੋਂ ਵੱਧ ਤੋਂ ਵੱਧ ਆਮ ਤੇ ਗਰੀਬ ਕਾਮਿਆਂ ਨੂੰ ਇਸ ਯੋਜਨਾ ਦਾ ਲਾਭ ਲੈਣ ’ਤੇ ਜ਼ੋਰ ਦਿੱਤਾ। ਇਹ ਦੋਵੇਂ ਰਿਸਕ ਕਵਰ ਬੈਂਕ ਨੂੰ ਆਪਣੀ ਸਹਿਮਤੀ ਦੇਣ ਉਪਰੰਤ ਹੀ ਮੁਹੱਈਆ ਕਰਵਾਏ ਜਾਣਗੇ। ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸੈਲਫ਼-ਹੈਲਪ ਗਰੁੱਪਾਂ ਦੇ ਮੈਂਬਰ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੇ ਲਾਭਪਾਤਰੀ, ਪ੍ਰਧਾਨ ਮੰਤਰੀ ਉੱਜਵਲਾ ਲਾਭਪਾਤਰੀ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ ਤੇ ਗ੍ਰਾਮੀਣ), ਮਗਨਰੇਗਾ ਮਜ਼ਦੂਰ, ਆਂਗਣਵਾੜੀ ਵਰਕਰ, ਸਟ੍ਰੀਟ ਵੈਂਡਰ, ਸਫ਼ਾਈ ਸੇਵਕ ਅਤੇ ਸਿਹਤ ਕਾਮੇ ਵੀ ਲਾਭ ਪ੍ਰਾਪਤ ਕਰ ਸਕਦੇ ਹਨ। ਮੀਟਿੰਗ ਵਿੱਚ ਮੌਜੂਦ ਏਡੀਸੀ (ਦਿਹਾਤੀ ਵਿਕਾਸ) ਅਮਿਤ ਬੈਂਬੀ, ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਜੀਐੱਮ ਜ਼ਿਲ੍ਹਾ ਉਦਯੋਗ ਕੇਂਦਰ, ਡਿਪਟੀ ਡਾਇਰੈਕਟਰ (ਫੈਕਟਰੀਆਂ), ਸਹਾਇਕ ਕਿਰਤ ਕਮਿਸ਼ਨਰ, ਵਾਤਾਵਰਨ ਇੰਜਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਉਨ੍ਹਾਂ ਦੇ ਅਧਿਕਾਰੀ ਖੇਤਰ ਅਧੀਨ ਆਉਂਦੇ ਨੂੰ ਕਾਮਿਆਂ, ਕਿਸਾਨਾਂ ਆਦਿ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਯੋਜਨਾ ਦੇ ਮੈਂਬਰ ਬਣਨ ਲਈ ਪ੍ਰੇਰਨ ਵਾਸਤੇ ਕਿਹਾ ਗਿਆ।