ਪੱਤਰ ਪ੍ਰੇਰਕ
ਰੂਪਨਗਰ, 15 ਸਤੰਬਰ
ਥਾਣਾ ਸਿੰਘ ਭਗਵੰਤਪੁਰ ਪੁਲੀਸ ਨੇ ਨਕਲੀ ਸਾਮਾਨ ਤਿਆਰ ਕਰ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਭਾਰੀ ਮਾਤਰਾ ਵਿੱਚ ਨਕਲੀ ਸਾਮਾਨ ਸਮੇਤ ਕਾਬੂ ਕੀਤਾ ਹੈ। ਐੱਸਐੱਸਓ ਹਰਪ੍ਰੀਤ ਸਿੰਘ ਮਾਹਲ ਨੇ ਦੱਸਿਆ ਕਿ ਪੁਲੀਸ ਨੂੰ ਸਪੀਡ ਸਰਚ ਸਕਿਉਰਿਟੀ ਨੈੱਟਵਰਕ ਦੇ ਫੀਲਡ ਅਫ਼ਸਰ ਹੁਸਨਪ੍ਰੀਤ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿਗਿਆਨ ਸਿੰਘ ਬੰਨ੍ਹਮਾਜਰਾ ਵਿੱਚ ਆਪਣੀ ਫੈਕਟਰੀ ਵਿੱਚ ਨਕਲੀ ਸਾਮਾਨ ਜਿਵੇਂ ਟਾਟਾ ਨਮਕ, ਪਤੰਜਲੀ ਸਰ੍ਹੋਂ ਦਾ ਤੇਲ ਆਦਿ ਬਣਾ ਕੇ ਵੇਚਦਾ ਅਤੇ ਸਪਲਾਈ ਕਰਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਵੱਲੋਂ ਦੱਸੇ ਟਿਕਾਣੇ ’ਤੇ ਛਾਪਾ ਮਾਰਿਆ ਗਿਆ ਤਾਂ ਟਾਟਾ ਨਮਕ ਦੇ ਇੱਕ ਕਿੱਲੋ ਵਾਲੇ 497 ਪੈਕਟ, ਪਤੰਜਲੀ ਸਰ੍ਹੋਂ ਦੇ ਤੇਲ ਦੀਆਂ ਇੱਕ ਲਿਟਰ ਵਾਲੀਆਂ 95 ਬੋਤਲਾਂ, 500 ਮਿਲੀਲਿਟਰ ਵਾਲੀਆਂ 75 ਬੋਤਲਾਂ ਤੇ ਖਾਲੀ 65 ਬੋਤਲਾਂ, ਨਕਲੀ ਹਾਰਪਿਕ ਦੀਆਂ 250 ਐਮ.ਐਲ. ਵਾਲੀਆਂ 95 ਬੋਤਲਾਂ, 500 ਐਮ.ਐਲ. ਵਾਲੀਆਂ 961 ਬੋਤਲਾਂ ਤੇ ਖਾਲੀ 220 ਬੋਤਲਾਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗਿਆਨ ਸਿੰਘ ਵਿਰੁੱਧ ਕੇਸ ਦਰਜ ਕਰਨ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।