ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 20 ਜੁਲਾਈ
ਪੁਲੀਸ ਨੇ ਐੱਨਆਈਏ ਦੇ ਅੱਠ ਨਕਲੀ ਅਧਿਕਾਰੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਇਕ ਪ੍ਰਾਪਰਟੀ ਡੀਲਰ ਤੋਂ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੰਜਾਹ ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਪੁਲੀਸ ਵੱਲੋਂ ਕਾਬੂ ਕੀਤੀ ਫਰਜ਼ੀ ਐੱਨਆਈਏ ਦੀ ਟੀਮ ਵਿੱਚ ਔਰਤਾਂ ਵੀ ਸ਼ਾਮਲ ਹਨ। ਮੁਲਜ਼ਮਾਂ ਦੀ ਪਛਾਣ ਜੋਤੀ ਵਾਸੀ ਕ੍ਰਿਸ਼ਨਾ ਅਪਾਰਟਮੈਂਟ ਦਵਾਰਕਾ ਨਵੀਂ ਦਿੱਲੀ, ਨੀਲਮ ਵਾਸੀ ਗੀਤਾ ਕਲੋਨੀ ਉੱਤਰ ਨਗਰ ਦਿੱਲੀ, ਦਲਵਿੰਦਰ ਸਿੰਘ ਵਾਸੀ ਮਲੋਆ ਚੰਡੀਗੜ੍ਹ, ਰਾਧੇ ਸ਼ਿਆਮ ਵਾਸੀ ਸਾਰੰਗਪੁਰ ਰੋਪੜ, ਰਾਜ ਕੁਮਾਰ ਵਾਸੀ ਉੱਤਮ ਨਗਰ ਦਿੱਲੀ, ਨਿਤੇਸ਼ ਵਾਸੀ ਝੱਜਰ ਹਰਿਆਣਾ, ਸੁਭਾਸ਼ ਚੰਦਰ ਵਾਸੀ ਪਿੰਡ ਰਾਣੀਆ ਜ਼ਿਲ੍ਹਾ ਸਿਰਸਾ ਹਰਿਆਣਾ ਅਤੇ ਸੁਸ਼ੀਲ ਵਾਸੀ ਬਹਾਦਰਗੜ੍ਹ ਜ਼ਿਲ੍ਹਾ ਝੱਜਰ ਹਰਿਆਣਾ ਦੇ ਰੂਪ ਵਿੱਚ ਹੋਈ ਹੈ।
ਐੱਸਪੀ (ਡੀ) ਮਨਪ੍ਰੀਤ ਸਿੰਘ, ਡੀਐੱਸਪੀ ਸਿਮਰਨਜੀਤ ਸਿੰਘ ਲੰਗ ਅਤੇ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਪ੍ਰਾਪਰਟੀ ਡੀਲਰ ਵੀਰਪਾਲ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ 17 ਜੁਲਾਈ ਨੂੰ ਉਸ ਨੂੰ ਕਿਸੇ ਨੇ ਸਵੇਰੇ ਵਟਸਐਪ ਕਾਲ ਕਰ ਕੇ ਕਿਹਾ ਕਿ ਉਹ ਐੱਨਆਈਏ ਟੀਮ ਦਾ ਅਧਿਕਾਰੀ ਸੁਸ਼ੀਲ ਕੁਮਾਰ ਬੋਲ ਰਿਹਾ ਹੈ, ਉਹ ਉਸ ਨੂੰ ਸਿੰਘਪੁਰਾ ਚੌਕ ਕੋਲ ਮਿਲਣ। ਵੀਰਪਾਲ ਜਦੋਂ ਉੱਥੇ ਗਿਆ ਤਾਂ ਤਿੰਨ ਕਾਰਾਂ ਵਿੱਚ ਦੋ ਔਰਤਾਂ ਸਣੇ ਅੱਠ ਲੋਕ ਸਵਾਰ ਸਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਤੀਹ ਕਰੋੜ ਰੁਪਏ ਦਾ ਗਬਨ ਹੋਇਆ ਹੈ ਜਿਸ ਵਿੱਚ ਉਸ ਦਾ ਨਾਮ ਆ ਰਿਹਾ ਹੈ ਤੇ ਉਸ ਦੇ ਬੈਂਕ ਖਾਤਿਆਂ ਅਤੇ ਪ੍ਰਾਪਰਟੀ ਦੀ ਜਾਂਚ ਕਰਨੀ ਹੈ। ਉਹ ਇਹ ਸੁਣ ਕੇ ਘਬਰਾ ਗਿਆ। ਉਸ ਨੇ ਜਦੋਂ ਕੇਸ ਵਿੱਚੋਂ ਨਾਮ ਕੱਢਵਾਉਣ ਲਈ ਕਿਹਾ ਕਿ ਤਾਂ ਉਨ੍ਹਾਂ ਨੇ ਪੰਜਾਹ ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਦੀ ਗੱਲ ਦਸ ਲੱਖ ਰੁਪਏ ’ਤੇ ਹੋ ਗਈ। ਉਹ ਪੈਸੇ ਲਿਆਉਣ ਲਈ ਆਖ ਕੇ ਪੁਲੀਸ ਸਟੇਸ਼ਨ ਆ ਗਿਆ। ਪੁਲੀਸ ਨੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜ ਲਿਆ।