ਯਾਤਰੀਆਂ ਨੇ ਵੀ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ
ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 18 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਗੱਗੀ (ਖੋਜੇਮਾਜਰਾ), ਬਸੀ ਪਠਾਣਾਂ ਬਲਾਕ ਦੇ ਪ੍ਰਧਾਨ ਗੁਰਦੀਪ ਸਿੰਘ ਸੰਧੂ (ਕੋਟਲਾ), ਪਰਕਾਸ਼ ਸਿੰਘ ਬੱਬਲ ਅਤੇ ਨਗਰ ਕੌਂਸਲ ਸਰਹਿੰਦ ਦੇ ਸਾਬਕਾ ਪ੍ਰਧਾਨ ਸ਼ੇਰ ਸਿੰਘ ਦੀ ਅਗਵਾਈ ਹੇਠ ਸਰਹਿੰਦ ਦੇ ਰੇਲਵੇ ਸਟੇਸ਼ਨ ਕੋਲ ਰੇਲਵੇ ਲਾਈਨਾਂ ’ਤੇ ਧਰਨਾ ਦੇ ਕੇ ਮੇਲ ਗੱਡੀਆਂ ਰੋਕੀਆਂ ਗਈਆਂ। ਕਿਸਾਨਾਂ ਵੱਲੋਂ ਗੱਡੀਆਂ ਦੀਆਂ ਸਵਾਰੀਆਂ ਨੂੰ ਲੰਗਰ ਵੀ ਛਕਾਇਆ ਗਿਆ। ਗੁਰਜਿੰਦਰ ਸਿੰਘ ਗੱਗੀ ਅਤੇ ਗੁਰਦੀਪ ਸਿੰਘ ਸੰਧੂ ਕੋਟਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਆਸ਼ੀਸ਼ ਮਿਸ਼ਰਾ ਦੇ ਪਿਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਵੀ ਬਰਖਾਸਤ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ। ਸਵਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਪੰਚਕੂਲਾ (ਪੀ.ਪੀ. ਵਰਮਾ): ਪਿੰਡ ਮਾਣਕਪੁਰ ਨਾਨਕ ਚੰਦ ਅਤੇ ਠਾਕੁਰਦਾਸ ਦਰਮਿਆਨ ਪੈਂਦੇ ਫਾਟਕ ਉੱਤੇ ਕਿਸਾਨ ਸਵੇਰੇ 10 ਵਜੇ ਪਹੁੰਚ ਗਏ ਤੇ ਰੇਲਵੇ ਪਟੜੀ ਉੱਤੇ ਬੈਠ ਗਏ ਅਤੇ ਸ਼ਾਮ 4 ਵਜੇ ਤੱਕ ਧਰਨਾ ਦਿੰਦੇ ਰਹੇ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਕਰਮ ਸਿੰਘ ਨੇ ਦੱਸਿਆ ਕਿ ਰੇਲ ਰੋਕੋ ਅਭਿਆਨ ਵਿੱਚ ਕਿਸਾਨਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਮਜ਼ਦੂਰ ਸ਼ਾਮਲ ਹੋਏ।
ਮੌਨ ਰੱਖ ਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ
ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ ਇਲਾਕੇ ਦੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਨਿਊ ਰੇਲਵੇ ਸਟੇਸ਼ਨ ਮੋਰਿੰਡਾ ’ਤੇ ਰੇਲਵੇ ਲਾਈਨ ’ਤੇ ਧਰਨਾ ਦਿੰਦਿਆਂ ਮੌਨ ਰੱਖ ਕੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਦਲਜੀਤ ਸਿੰਘ ਚਲਾਕੀ ਅਤੇ ਕੁਲਵਿੰਦਰ ਸਿੰਘ ਉੱਧਮਪੁਰਾ ਨੇ ਕਿਹਾ ਕਿ ਬੀ.ਐੱਸ.ਐੱਫ. ਦਾ ਪੰਜਾਬ ਵਿੱਚ ਘੇਰਾ ਵਧਾਉਣ ਤੋਂ ਸਾਬਿਤ ਹੁੰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਅਸ਼ਾਂਤੀ ਵਾਲਾ ਮਾਹੌਲ ਪੈਦਾ ਕਰਨੀ ਚਾਹੁੰਦੀ ਹੈ ਅਤੇ ਮੋਰਚੇ ਨੂੰ ਖਤਮ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਇਸ ਮੌਕੇ ਜਸਮੇਰ ਸਿੰਘ ਦੇ ਢਾਡੀ ਜਥੇ ਨੇ ਵਾਰਾਂ ਗਾਈਆਂ ਅਤੇ ਨਾਟਕ ਮੰਡਲੀ ਨੇ ‘ਜੰਗ ਜਿੱਤਾਂਗੇ ਜ਼ਰੂਰ’ ਨਾਟਕ ਖੇਡਿਆ।
ਕੈਪਸ਼ਨ: ਸਰਹਿੰਦ ਦੇ ਰੇਲਵੇ ਸਟੇਸ਼ਨ ਕੋਲ ਗੱਡੀ ਰੋਕ ਕੇ ਧਰਨਾ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਏਕਤਾ) ਦੇ ਆਗੂ।