ਪੱਤਰ ਪ੍ਰੇਰਕ
ਲਾਲੜੂ, 23 ਅਕਤੂਬਰ
ਲਾਲੜੂ ਮੰਡੀ ਵਿੱਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਅੱਜ ਹਲਕਾ ਡੇਰਾਬੱਸੀ ਤੋਂ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਲਾਲੜੂ ਦਾਣਾ ਮੰਡੀ ਦਾ ਦੌਰਾ ਕੀਤਾ।
ਮੰਡੀਆਂ ਦੇ ਮਾੜੇ ਖਰੀਦ ਪ੍ਰਬੰਧਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਨੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ 15-15 ਦਿਨਾਂ ਤੋਂ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਬੈਠੇ ਹਨ, ਪਰ ਪ੍ਰਸ਼ਾਸਨ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਜੀਰੀ ਦਾ ਰੇਟ 2320 ਰੁਪਏ ਹੋਣ ਦੇ ਬਾਵਜੂਦ 150 ਤੋਂ ਲੈ ਕੇ 250 ਰੁਪਏ ਤੱਕ ਪ੍ਰਤੀ ਕੁਇੰਟਲ ਕੱਟ ਲਾ ਕੇ ਕਿਸਾਨਾਂ ਨੂੰ ਸਿੱਧੇ ਤੌਰ ’ਤੇ ਬਲੈਕਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਆਪ ਹੀ ਪਹਿਲਾਂ 126 ਜੀਰੀ ਬੀਜਣ ਦੀ ਸਲਾਹ ਦਿੱਤੀ ਅਤੇ ਹੁਣ ਸਰਕਾਰ 126 ਜੀਰੀ ਚੁੱਕਣ ਲਈ ਤਿਆਰ ਨਹੀਂ ਹੈ। ਸ੍ਰੀ ਸ਼ਰਮਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਦੇ ਇਸ ਧੱਕੇ ਖ਼ਿਲਾਫ਼ ਉਹ ਰਾਜਪਾਲ ਨੂੰ ਵੀ ਮਿਲਣਗੇ। ਜੇਕਰ ਸਰਕਾਰ ਨੇ ਛੇਤੀ ਹੀ ਝੋਨੇ ਦੀ ਚੁਕਾਈ ਨਾ ਕੀਤੀ ਤਾਂ ਧਰਨੇ ਲਾਏ ਜਾਣਗੇ ਅਤੇ ਵੱਡੇ ਪੱਧਰ ਤੇ ਸੰਘਰਸ਼ ਅਰੰਭਿਆ ਜਾਵੇਗ।
ਪਿੰਡ ਧਨੌਨੀ ਦੀ ਮੰਡੀ ਦਾ ਵੀ ਕੀਤਾ ਦੌਰਾ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਸਾਬਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਅੱਜ ਪਿੰਡ ਧਨੌਨੀ ਦੀ ਦਾਣਾ ਮੰਡੀ ਦਾ ਦੌਰਾ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਦੀ ਨਾਕਾਮੀ ਕਾਰਨ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਕਿਸਾਨਾਂ ਕੋਲ ਜੀਰੀ ਉਤਾਰਨ ਲਈ ਕੋਈ ਜਗ੍ਹਾ ਨਹੀਂ ਹੈ ਤੇ ਕਿਸਾਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਮੰਡੀਆਂ ਦੇ ਖਰੀਦ ਪ੍ਰਬੰਧਾਂ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਇਸ ਮੌਕੇ ਕਿਸਾਨਾਂ ਨੇ ਮੰਡੀਆਂ ਦੇ ਮਾੜੇ ਪ੍ਰਬੰਧਾਂ ਬਾਰੇ ਐੱਨ.ਕੇ. ਸ਼ਰਮਾ ਨੂੰ ਜਾਣੂ ਕਰਵਾਇਆ।