ਕਰਮਜੀਤ ਸਿੰਘ ਚਿੱਲਾ
ਬਨੂੜ, 10 ਮਾਰਚ
ਬਨੂੜ ਨਹਿਰ ਦੇ ਜੰਗਪੁਰਾ ਮਾਈਨਰ ਵਿੱਚ ਬੂਟਾਸਿੰਘ ਵਾਲਾ ਪਿੰਡ ਨੂੰ ਜਾਂਦੀ ਸੜਕ ਨੇੜੇ ਚਾਰ ਦਿਨ ਪਹਿਲਾਂ ਪਏ ਪਾੜ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਵੱਲੋਂ ਇਹ ਮਾਮਲਾ ਸਿੰਜਾਈ ਵਿਭਾਗ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵਿਭਾਗ ਪਾੜ ਪੂਰਨ ਲਈ ਠੋਸ ਕਾਰਵਾਈ ਨਹੀਂ ਕਰ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ 7 ਮਾਰਚ ਨੂੰ ਜੰਗਪੁਰਾ ਮਾਈਨਰ ਵਿੱਚ ਨਿਰਮਲ ਵਾਟਿਕਾ ਸਕੂਲ ਦੇ ਨੇੜੇ ਪਾੜ ਪੈ ਗਿਆ ਸੀ। ਕਿਸਾਨਾਂ ਨੂੰ ਪਾੜ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਮਾਈਨਰ ਵਿੱਚ ਆਉਂਦੇ ਪਾਣੀ ਨੂੰ ਨਹਿਰ ਵਿੱਚੋਂ ਬੰਦ ਕਰ ਦਿੱਤਾ ਤੇ ਖੁਦ ਪਾੜ ਪੂਰ ਦਿੱਤਾ। ਕਿਸਾਨਾਂ ਅਨੁਸਾਰ ਨਹਿਰ ਵਿੱਚੋਂ ਦੁਬਾਰਾ ਮਾਈਨਰ ਵਿੱਚ ਪਾਣੀ ਛੱਡੇ ਜਾਣ ’ਤੇ ਇਹ ਪਾੜ ਪੈ ਗਿਆ। ਕਿਸਾਨਾਂ ਅਨੁਸਾਰ ਮਾਈਨਰ ਵਿੱਚ ਕਈਂ ਦਿਨ ਪਹਿਲਾਂ ਦਾ ਇੱਕ ਹੋਰ ਪਾੜ ਪਿਆ ਹੋਇਆ ਹੈ ਤੇ ਕਿਸਾਨਾਂ ਨੇ ਪਾਣੀ ਰੋਕਣ ਲਈ ਮਾਈਨਰ ਵਿੱਚ ਨੱਕਾ ਲਗਾਇਆ ਹੋਇਆ ਹੈ, ਜਿਸ ਨਾਲ ਪਾਣੀ ਇਕੱਠਾ ਹੋ ਜਾਂਦਾ ਹੈ ਤੇ ਇੱਥੇ ਵਾਰ-ਵਾਰ ਪਾੜ ਪੈ ਜਾਂਦਾ ਹੈ।
ਕਿਸਾਨ ਕਪੂਰ ਸਿੰਘ ਤੇ ਬਲਵਿੰਦਰ ਸਿੰਘ, ਪੂਰਨ ਸਿੰਘ, ਹੈਪੀ ਕਟਾਰੀਆ ਸਾਬਕਾ ਕੌਂਸਲਰ ਨੇ ਦੱਸਿਆ ਕਿ ਇਸ ਪਾੜ ਸਬੰਧੀ ਉਹ ਤਿੰਨ ਦਿਨਾਂ ਤੋਂ ਸਿੰਜਾਈ ਵਿਭਾਗ ਦੇ ਬਨੂੜ ਸਥਿਤ ਜ਼ਿਲ੍ਹੇਦਾਰ ਦੇ ਦਫ਼ਤਰ ਵਿੱਚ ਜਾ ਰਹੇ ਹਨ ਪਰ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਵਾਧੂ ਪਾਣੀ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਤੇ ਸਬਜ਼ੀਆਂ ਦੇ ਨੁਕਸਾਨ ਹੋਣ ਦਾ ਡਰ ਹੈ। ਉਨ੍ਹਾਂ ਮੰਗ ਕੀਤੀ ਕਿ ਪਾੜ ਨੂੰ ਪੱਕੇ ਤੌਰ ’ਤੇ ਪੂਰਿਆ ਜਾਵੇ।
ਪਾੜ ਨੂੰ ਜਲਦ ਪੂਰਿਆ ਜਾਵੇਗਾ: ਜੇਈ
ਜੇਈ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਈਨਰ ਵੱਲ ਜਾਂਦਾ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ ਤੇ ਪਾੜ ਨੂੰ ਪੂਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।