ਕਰਮਜੀਤ ਸਿੰਘ ਚਿੱਲਾ
ਬਨੂੜ, 11 ਅਗਸਤ
ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਬਲਾਕ ਪ੍ਰਧਾਨ ਤਰਲੋਚਨ ਸਿੰਘ ਨੰਡਿਆਲੀ ਅਤੇ ਗੁਰਜੰਟ ਸਿੰਘ ਬੜੀ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਇਕੱਤਰਤਾ ਅੱਜ ਅਜ਼ੀਜ਼ਪੁਰ ਦੇ ਟੌਲ ਪਲਾਜ਼ਾ ਉੱਤੇ ਹੋਈ। ਇਸ ਮੌਕੇ ਕਿਸਾਨ ਆਗੂਆਂ ਅਤੇ ਪਤਵੰਤਿਆਂ ਨੇ ਟੌਲ ਪਲਾਜ਼ਾ ਦੇ ਮੈਨੇਜਰ ਨੂੰ ਮੰਗ ਪੱਤਰ ਸੌਂਪ ਕੇ ਟੌਲ ਦੇ ਅੱਠ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਕਰੀਬ 20 ਪਿੰਡਾਂ ਨੂੰ ਟੌਲ ਪਰਚੀ ਤੋਂ ਛੋਟ ਦੇਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਕਿਸਾਨ ਯੂਨੀਅਨ ਸਮੁੱਚੇ ਪਿੰਡਾਂ ਦੇ ਵਸਨੀਕਾਂ ਨੂੰ ਨਾਲ ਲੈ ਕੇ ਇੱਥੇ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗੀ। ਉਨ੍ਹਾਂ ਮੈਨੇਜਰ ਤੋਂ ਵੀਹ ਪਿੰਡਾਂ ਨੂੰ ਮੁਫ਼ਤ ਲਾਘਾਂ ਦੇਣ ਲਈ ਪਾਸ ਬਣਾ ਕੇ ਦਿੱਤੇ ਜਾਣ ਦੀ ਮੰਗ ਵੀ ਕੀਤੀ।
ਕਿਸਾਨਾਂ ਨੇ ਇਸ ਮੌਕੇ ਨੈਸ਼ਨਲ ਹਾਈਵੇਅ ਅਥਾਰਿਟੀ ਤੋਂ ਕੌਮੀ ਮਾਰਗ ਵਿੱਚ ਪਏ ਖੱਡਿਆਂ ਦੀ ਮੁਰੰਮਤ ਕਰਨ ਅਤੇ ਸੜਕੀ ਡਿਵਾਈਡਰ ਉੱਤੇ ਉੱਗੇ ਘਾਹ-ਫੂਸ ਨੂੰ ਸਾਫ਼ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਘਾਹ-ਫੂਸ ਕਾਰਨ ਆਵਾਰਾ ਪਸ਼ੂ ਡਿਵਾਈਡਰ ਉੱਤੇ ਆ ਕੇ ਚਰਨ ਲੱਗ ਜਾਂਦੇ ਹਨ ਤੇ ਬਾਅਦ ਵਿੱਚ ਵਾਹਨਾਂ ਨਾਲ ਟਕਰਾ ਕੇ ਹਾਦਸਿਆ ਦਾ ਕਾਰਨ ਬਣ ਰਹੇ ਹਨ। ਇਸ ਮੌਕੇ ਅਵਤਾਰ ਸਿੰਘ ਬੜੀ, ਭੂਰਾ ਜੰਗਪੁਰਾ, ਗਿਆਨ ਸਿੰਘ ਹੁਲਕਾ, ਗੁਰਤੇਜ ਸਿੰਘ ਕੁਰੜੀ, ਗੁਰਮੀਤ ਸਿੰਘ ਹੁਲਕਾ, ਰਾਹੁਲ, ਦੀਦਾਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਆਦਿ ਆਗੂਆਂ ਤੋਂ ਇਲਾਵਾ ਇਲਾਕੇ ਦੇ ਵਸਨੀਕ ਹਾਜ਼ਰ ਸਨ।