ਸਰਬਜੀਤ ਸਿੰਘ ਭੱਟੀ
ਲਾਲੜੂ, 18 ਅਪਰੈਲ
ਮਾਰਕੀਟ ਕਮੇਟੀ ਲਾਲੜੂ ਅਧੀਨ ਆਉਂਦੀ ਦਾਣਾ ਮੰਡੀ ਲਾਲੜੂ, ਤਸਿੰਬਲੀ ਅਤੇ ਜੜੌਤ ’ਚ ਕਈ ਦਿਨਾਂ ਤੋਂ ਬਾਰਦਾਨੇ ਦੀ ਤੋਟ ਕਾਰਨ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਦੀ ਕਿਸਾਨ ਮਾਰੂ ਨੀਤੀਆਂ ਕਾਰਨ ਅੱਜ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਖੁਆਰ ਹੋਣਾ ਪੈ ਰਿਹਾ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ’ਤੇ ਕੋਈ ਅਸਰ ਨਹੀਂ ਹੋ ਰਿਹਾ।
ਮੰਡੀਆਂ ’ਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਚਾਰ ਦਿਨਾਂ ਤੋਂ ਉਹ ਆਪਣੀ ਫਸਲ ਲੈ ਕੇ ਮੰਡੀ ’ਚ ਬੈਠੇ ਹਨ, ਬਾਰਦਾਨਾ ਨਾ ਹੋਣ ਕਾਰਨ ਉਨ੍ਹਾਂ ਦੀ ਫਸਲ ਦੀ ਭਰਾਈ ਨਹੀਂ ਹੋ ਰਹੀ, ਉਪਰੋਂ ਮੌਸਮ ਖਰਾਬ ਹੋਣ ਦਾ ਵੀ ਖਦਸ਼ਾ ਬਣਿਆ ਹੋਇਆ ਹੈ। ਆੜ੍ਹਤੀ ਅਤੇ ਖ਼ਰੀਦ ਏਜੰਸੀਆਂ ਵਾਲੇ ਲਾਅਰੇ ਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਕਿਸਾਨ ਬਾਰਦਾਨੇ ਦੀ ਤੋਟ ਦੀ ਖ਼ਬਰ ਸੁਣ ਕੇ ਅਪਣੀ ਫਸਲ ਲੈ ਕੇ ਮੰਡੀਆਂ ਵਿੱਚ ਲਿਆ ਹੀ ਨਹੀਂ ਰਹੇ।
ਇਸੇ ਦੌਰਾਨ ਵਿਧਾਇਕ ਐੱਨ.ਕੇ. ਸ਼ਰਮਾ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਖ਼ਰੀਦ ਸੀਜਨ ਤੋਂ ਪਹਿਲਾਂ ਕੋਈ ਤਿਆਰੀ ਨਹੀ ਕੀਤੀ, ਜਿਸ ਦਾ ਖਮਿਆਜ਼ਾ ਅੱਜ ਕਿਸਾਨਾ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਬਾਰਦਾਨੇ ਦਾ ਪ੍ਰਬੰਧ ਕਰੇ ਨਹੀਂ ਇਲਾਕੇ ਦੇ ਹਜ਼ਾਰਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਦੂਜੇ ਪਾਸੇ ਮਾਰਕਫੈੱਡ ਦੇ ਮੈਨੇਜਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 50 ਫ਼ੀਸਦੀ ਬਾਰਦਾਨਾ ਮੰਡੀਆਂ ’ਚ ਆਇਆ ਸੀ, ਜੋ ਲੱਗ ਚੁੱਕਾ ਹੈ ਅਤੇ ਬਾਕੀ ਆਉਣ ਵਾਲਾ ਹੈ। ਉਨ੍ਹਾ ਦੱਸਿਆ ਕਿ ਲਾਲੜੂ ਦੀ ਦਾਣਾ ਮੰਡੀ ਵਿੱਚ ਹੁਣ ਤੱਕ ਪਨਗਰੇਨ, ਮਾਰਕਫੈੱਡ ਅਤੇ ਪਨਸਪ ਵਲੋਂ ਲੱਗਪਗ 1 ਲੱਖ 21 ਹਜ਼ਾਰ ਕੁਇੰਟਲ ਕਣਕ ਦੀ ਖ਼ਰੀਦੀ ਜਾ ਚੁੱਕੀ ਹੈ, ਜਦਕਿ ਲੱਗਪਗ 10 ਹਜ਼ਾਰ ਬੋਰੀ ਅਜੇ ਬਾਰਦਾਨੇ ਦੀ ਤੋਟ ਕਾਰਨ ਮੰਡੀ ਦੇ ਫੜ੍ਹ ਤੇ ਪਈ ਹੈ।