ਕਰਮਜੀਤ ਸਿੰਘ ਚਿੱਲਾ
ਬਨੂੜ, 20 ਦਸੰਬਰ
ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਅਜ਼ੀਜ਼ਪੁਰ ਦਾ ਟੌਲ ਪਲਾਜ਼ਾ ਅੱਜ ਬਾਅਦ ਦੁਪਹਿਰ ਚਾਰ ਵਜੇ ਚਾਲੂ ਹੋ ਗਿਆ। ਇੱਥੇ ਧਰਨਾ ਲਗਾਈ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਣਾ ਸਮੁੱਚਾ ਸਾਮਾਨ ਸਮੇਟ ਲਿਆ ਅਤੇ ਟੌਲ ਵਸੂਲੀ ਲਈ ਟੌਲ ਪਲਾਜ਼ੇ ਨੂੰ ਠੇਕੇ ਉੱਤੇ ਲੈਣ ਵਾਲੀ ਸ਼ਿਵਾ ਕਾਰਪੋਰੇਸ਼ਨ ਲਿਮਟਿਡ ਜੈਪੁਰ ਦੇ ਮੈਨੇਜਰ ਇਮਰਾਨ ਖਾਨ ਦੀ ਹਾਜ਼ਰੀ ਵਿੱਚ ਧਰਨਾ ਖਤਮ ਕਰਨ ਦਾ ਐਲਾਨ ਕੀਤਾ। ਧਾਰਮਿਕ ਪ੍ਰਚਾਰਕ ਬਾਬਾ ਭਗਵੰਤ ਸਿੰਘ ਨੇ 11 ਅਕਤੂਬਰ 2020 ਨੂੰ ਟੌਲ ਪਲਾਜ਼ਾ ਬੰਦ ਕਰਾਇਆ ਸੀ, ਇਸ ਮਗਰੋਂ ਕਿਸਾਨ ਜਥੇਬੰਦੀਆਂ ਨੇ ਆਪਣੇ ਧਰਨਾ ਆਰੰਭ ਕਰ ਦਿੱਤਾ ਸੀ। ਅੱਜ ਧਰਨੇ ਦੀ ਸਮਾਪਤੀ ਮੌਕੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਮਾਨ ਸਿੰਘ ਰਾਜਪੁਰਾ, ਤਰਲੋਚਨ ਸਿੰਘ ਨੰਡਿਆਲੀ, ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਡਕੌਦਾ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ, ਯਾਦਵਿੰਦਰ ਸ਼ਰਮਾ, ਸਾਧੂ ਸਿੰਘ ਕਨੌੜ, ਅੰਗਰੇਜ ਸਿੰਘ ਆਦਿ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਅਤੇ ਉਕਤ ਕੰਪਨੀ ਦਰਮਿਆਨ ਹੋਈ ਸਾਂਝੀ ਮੀਟਿੰਗ ਵਿੱਚ ਟੌਲ ਉੱਤੋਂ ਧਰਨਾ ਚੁੱਕਣ ਦਾ ਫੈਸਲਾ ਲਿਆ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਕੰਪਨੀ ਨੇ ਉਨ੍ਹਾਂ ਨੂੰ ਲਿਖਤੀ ਭਰੋਸਾ ਦਿੱਤਾ ਹੈ ਕਿ ਟੌਲ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ ਅਤੇ ਪੁਰਾਣੀਆਂ ਦਰਾਂ ਅਨੁਸਾਰ ਹੀ ਟੌਲ ਵਸੂਲਿਆ ਜਾਵੇਗਾ।
ਰਾਹਗੀਰ ਮਾਯੂਸ
ਬਾਅਦ ਦੁਪਹਿਰ ਟੌਲ ਪਲਾਜ਼ਾ ਖੁੱਲਣ ਕਾਰਨ ਇੱਥੋਂ ਲੰਘਦੇ ਰਾਹਗੀਰ ਕਾਫ਼ੀ ਮਾਯੂਸ ਨਜ਼ਰ ਆਏ। ਕਈਂ ਰਾਹਗੀਰਾਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਚੁੱਕੇ ਜਾਣ ਦੇ ਫੈਸਲੇ ਉੱਤੇ ਅਸਹਿਮਤੀ ਵੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਦੋਂ ਸਯੁੰਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪੂਰੇ ਪੰਜਾਬ ਵਿੱਚ ਟੌਲ ਪਲਾਜ਼ੇ ਬੰਦ ਕਰਾਏ ਹੋਏ ਹਨ ਤਾਂ ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ਨੂੰ ਵੀ ਖੋਲਿਆ ਨਹੀਂ ਜਾਣਾ ਚਾਹੀਦਾ ਸੀ।