ਹਰਜੀਤ ਸਿੰਘ
ਡੇਰਾਬੱਸੀ, 2 ਸਤੰਬਰ
ਭਾਰਤਮਾਲਾ ਤਹਿਤ ਅੰਬਾਲਾ ਤੋਂ ਚੰਡੀਗੜ੍ਹ ਗਰੀਨਫੀਲਡ ਨੈਸ਼ਨਲ ਹਾਈਵੇਅ ਦੀ ਉਸਾਰੀ ਲਈ ਐਕੁਆਇਰ ਜ਼ਮੀਨਾਂ ਦੇ ਮੁਆਵਜ਼ੇ ਦੇ ਅਵਾਰਡ ਸੁਣਨ ਲਈ ਕਿਸਾਨਾਂ ਨੇ ਜ਼ਿਲ੍ਹਾ ਮਾਲ ਅਫ਼ਸਰ ਵਿਪਿਨ ਭੰਡਾਰੀ ਨਾਲ ਮੀਟਿੰਗ ਕੀਤੀ। ਮੁਬਾਰਕਪੁਰ ਪੀਡਬਲਿਊਡੀ ਰੈਸਟ ਹਾਊਸ ਵਿੱਚ ਹੋਈ ਮੀਟਿੰਗ ਦੌਰਾਨ ਕਿਸਾਨਾਂ ਨੇ ਇੱਕ ਮੰਗ ਪੱਤਰ ਦਿੱਤਾ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗਾਂ ਨਾ ਮੰਨੀ ਗਈ ਤਾਂ ਉਹ ਹਾਈਵੇਅ ਦੀ ਉਸਾਰੀ ਦਾ ਵਿਰੋਧ ਕਰਨਗੇ। ਕਿਸਾਨਾਂ ਨੇ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਘੱਟ ਤੋਂ ਘੱਟ ਜ਼ਮੀਨ ਦਾ ਪ੍ਰਤੀ ਏਕੜ ਰੇਟ 1 ਕਰੋੜ 55 ਲੱਖ ਰੁਪਏ ਭੇਜਿਆ ਗਿਆ ਸੀ ਜਦਕਿ ਹੁਣ ਕੁਲੈਕਟਰ ਰੇਟ 100 ਤੋਂ 200 ਪ੍ਰਤੀਸ਼ਤ ਵਧ ਚੁੱਕੇ ਹਨ। ਕਿਸਾਨਾਂ ਨੇ ਘੱਟ ਤੋਂ ਘੱਟ 4 ਕਰੋੜ 22 ਲੱਖ ਰੁਪਏ ਅਤੇ ਵੱਧ ਤੋਂ ਵੱਧ ਨੌਂ ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਖੇਤਾਂ ਨੂੰ ਜਾਣ ਵਾਲੇ ਰਸਤੇ ਪਹਿਲਾਂ ਵਾਂਗ ਬਣੇ ਰਹਿਣ, ਲੋੜ ਮੁਤਾਬਕ ਅੰਡਰਪਾਸ ਬਣਾਉਣ ਜਿਨ੍ਹਾਂ ਵਿੱਚੋਂ ਕੰਬਾਈਨ ਮਸ਼ੀਨਾਂ ਆਸਾਨੀ ਨਾਲ ਲੰਘ ਸਕੇ, ਹਾਈਵੇਅ ਨਾਲ 7-7 ਮੀਟਰ ਚੌੜੀਆਂ ਸਲਿਪ ਰੋਡ ਬਣਾਉਣ ਲਈ ਲਿਖਤੀ ਭਰੋਸਾ ਦਿੱਤਾ ਜਾਵੇ। ਹਾਈਵੇਅ ਵਿੱਚੋਂ ਪਾਣੀ ਦੀ ਨਿਕਾਸੀ ਅਤੇ ਫ਼ਸਲਾਂ ਨੂੰ ਪਾਣੀ ਦੇਣ ਲਈ ਪਾਈ ਗਈ ਪਾਈਪ ਲਾਈਨ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ, ਬਣਾਏ ਜਾਣ ਵਾਲੇ ਹਾਈਵੇਅ ਦੀ ਪੂਰੀ ਡਰਾਇੰਗ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਹਾਈਵੇਅ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਇਸ ਮੌਕੇ ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਪ੍ਰਧਾਨ ਸੇਖਪੁਰ ਕਲਾਂ, ਰਤਨ ਸਿੰਘ ਅਮਲਾਲਾ, ਸ਼ਮਸ਼ੇਰ ਸਿੰਘ, ਰਾਮ ਸਿੰਘ ਬਰੋਲੀ, ਹੈਪੀ ਸੈਣੀ ਬਨੂੜ, ਸੁਖਵਿੰਦਰ ਸਿੰਘ ਤੇ ਕਮਲਜੀਤ ਸਿੰਘ ਢੀਂਡਸਾ ਸਣੇ ਹੋਰ ਕਿਸਾਨ ਹਾਜ਼ਰ ਸਨ।
ਜ਼ਿਲ੍ਹਾ ਮਾਲ ਅਫ਼ਸਰ ਵਿਪਿਨ ਭੰਡਾਰੀ ਨੇ ਕਿਸਾਨਾਂ ਨੂੰ ਸਾਰੀ ਮੰਗਾਂ ਨੂੰ ਸਬੰਧਤ ਅਧਿਕਾਰੀਆਂ ਤੱਕ ਪਹੁੰਚਦਾ ਕਰਨ ਦਾ ਭਰੋਸਾ ਦਿੱਤਾ।